ਆਸਟ੍ਰੇਲੀਆ : ਪਤਨੀ ਦੀ ਬੇਵਫਾਈ ਕਾਰਨ ਪਤੀ ਨੇ ਚੁੱਕਿਆ ਖੌਫਨਾਕ ਕਦਮ

04/16/2019 1:39:38 PM

ਸਿਡਨੀ,(ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿਣ ਵਾਲੇ ਸ਼ਾਹਿਬ ਅਹਿਮਦ ਨੇ ਆਪਣੀ ਪਤਨੀ ਦੀ ਬੇਵਫਾਈ ਕਾਰਨ ਖੌਫਨਾਕ ਕਦਮ ਚੁੱਕਿਆ ਤੇ ਸਾਲ 2017 'ਚ ਉਸ ਦਾ ਕਤਲ ਕਰ ਦਿੱਤਾ ਸੀ। ਇਸੇ ਦੋਸ਼ 'ਚ ਅਦਾਲਤਾਂ ਦੇ ਚੱਕਰ ਕੱਟ ਰਹੇ ਅਹਿਮਦ ਨੇ ਦੱਸਿਆ ਕਿ ਉਸ ਦੀ ਪਤਨੀ ਖੋਂਦਕਰ ਫਾਇਹੀ ਇਲਾਹੀ ਦੇ ਓਮਾਰ ਖਾਨ ਨਾਂ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਉਹ ਦੋਵੇਂ 2015 ਤੋਂ ਇਕ-ਦੂਜੇ ਨੂੰ ਚੋਰੀ ਮਿਲਦੇ ਸਨ, ਤੋਹਫੇ ਦਿੰਦੇ ਸਨ ਅਤੇ ਮੈਸਜ ਵੀ ਕਰਦੇ ਰਹਿੰਦੇ ਸਨ।

ਜਦ ਅਹਿਮਦ ਨੂੰ ਇਸ ਦੀ ਭਣਕ ਲੱਗੀ ਤਾਂ ਉਹ ਸਹਿਣ ਨਾ ਕਰ ਸਕਿਆ। ਫਰਵਰੀ 2017 'ਚ ਉਸ ਨੇ ਇਲਾਹੀ ਨੂੰ ਮਾਰਨ ਤੋਂ ਪਹਿਲਾਂ ਗੂਗਲ 'ਤੇ ਸਰਚ ਕੀਤਾ ਕਿ ਪਤਨੀ ਦੀ ਬੇਵਫਾਈ ਲਈ ਇਸਲਾਮ ਕੀ ਸਜ਼ਾ ਦਿੰਦਾ ਹੈ। ਇਸ ਮਗਰੋਂ ਉਸ ਨੇ ਪਤਨੀ ਨਾਲ ਝਗੜਾ ਕੀਤਾ ਤੇ ਉਸ ਦਾ ਫੋਨ ਖੋਹ ਕੇ ਮੈਸਜ ਪੜ੍ਹੇ, ਜਿਸ ਤੋਂ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦੀ ਪਤਨੀ ਉਸ ਦੇ ਹੱਥੋਂ ਨਿਕਲ ਚੁੱਕੀ ਹੈ। ਉਸ ਨੇ ਰਸੋਈ 'ਚੋਂ ਚਾਕੂ ਲਿਆ ਕੇ ਇਲਾਹ ਦਾ ਕਤਲ ਕਰ ਦਿੱਤਾ। ਗੁੱਸੇ ਨੇ ਉਸ ਨੂੰ ਇੰਨਾ ਪਾਗਲ ਕਰ ਦਿੱਤਾ ਕਿ ਉਸ ਨੇ ਲਗਭਗ 14 ਵਾਰ ਉਸ ਨੂੰ ਚਾਕੂ ਨਾਲ ਵਿੰਨ੍ਹਿਆ। ਜਦ ਉਹ ਮਰ ਗਈ ਤਾਂ ਉਸ ਨੇ ਪੁਲਸ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਇਸ ਮਗਰੋਂ ਪੁਲਸ ਨੇ ਆ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ। ਅਹਿਮਦ ਨੇ ਕਿਹਾ ਕਿ ਜਦ ਤੋਂ ਉਸ ਨੂੰ ਉਸ ਦੀ ਪਤਨੀ ਦੇ ਗਲਤ ਹੋ ਜਾਣ ਬਾਰੇ ਪਤਾ ਲੱਗਾ ਸੀ ਤਾਂ ਉਸ ਸਮੇਂ ਤੋਂ ਹੀ ਉਹ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ।