ਸਿਡਨੀ ਦੇ ਵਿਅਕਤੀ ''ਤੇ ਉੱਤਰੀ ਕੋਰੀਆ ''ਚ ਮਿਜ਼ਾਇਲ ਦੇ ਪੁਰਜ਼ਿਆਂ ਦੀ ਵਿਕਰੀ ਕਰਨ ਦਾ ਮਾਮਲਾ ਦਰਜ

12/17/2017 10:07:25 AM

ਸਿਡਨੀ— ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਵਿਅਕਤੀ 'ਤੇ ਉੱਤਰੀ ਕੋਰੀਆ ਦੇ ਏਜੰਟ ਦੇ ਤੌਰ 'ਤੇ ਕੰਮ ਕਰਨ ਅਤੇ ਬੈਲਿਸਟਿਕ ਮਿਜ਼ਾਇਲ 'ਚ ਵਰਤੋਂ ਕਰਨ ਵਾਲੇ ਪੁਰਜ਼ਿਆਂ ਸਮੇਤ ਹੋਰ ਚੀਜ਼ਾਂ ਦੀ ਵਿਕਰੀ ਕਰਨ ਲਈ ਪਿਯੋਂਗਯਾਂਗ ਦੇ ਪੱਖ 'ਚ ਦਲਾਲੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਆਸਟਰੇਲੀਆਈ ਸੰਘੀ ਪੁਲਸ ਨੇ ਦੱਸਿਆ ਕਿ 59 ਸਾਲਾ ਆਸਟਰੇਲੀਆਈ ਵਿਅਕਤੀ ਚੈਨ ਹਾਨ ਚੋਈ ਨੇ ਦਲਾਲੀ ਲਈ ਐਨਕ੍ਰਿਪਟੇਡ ਸੰਚਾਰ ਦੀ ਵਰਤੋਂ ਕੀਤੀ ਅਤੇ ਨਸਲਕੁਸ਼ੀ ਵਾਲੇ ਹਥਿਆਰਾਂ ਦੀ ਸਪਲਾਈ 'ਤੇ ਗੱਲਬਾਤ ਵੀ ਕੀਤੀ। ਉਹ 30 ਸਾਲਾਂ ਤੋਂ ਆਸਟਰੇਲੀਆ 'ਚ ਰਹਿ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਹ ਵਿਅਕਤੀ ਕੌਮਾਂਤਰੀ ਕੰਪਨੀਆਂ 'ਚ ਮਿਜ਼ਾਇਲਾਂ, ਕਈ ਪੁਰਜੇ ਅਤੇ ਵਿਸ਼ੇਸ਼ ਚੀਜ਼ਾਂ ਦੀ ਵਿਕਰੀ ਦਾ ਪ੍ਰਬੰਧ ਕਰ ਕੇ ਪਿਯੋਂਗਯਾਂਗ ਲਈ ਕਰੋੜਾਂ ਡਾਲਰ ਇਕੱਠੇ ਕਰ ਰਿਹਾ ਸੀ। ਉਹ ਦੇਸ਼ ਤੋਂ ਇੰਡੋਨੇਸ਼ੀਆ ਅਤੇ ਵੀਅਤਨਾਮ ਤਕ ਕੋਲਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਉਹ ਪਹਿਲਾ ਵਿਅਕਤੀ ਹੈ, ਜਿਸ 'ਤੇ ਆਸਟਰੇਲੀਆ ਦੇ 'ਵੇਪੰਸ ਆਫ ਮਾਸ ਡਿਸਟ੍ਰਿਕਸ਼ਨ ਐਕਟ' ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ 'ਚ ਵਧ ਤੋਂ ਵਧ 10 ਸਾਲਾਂ ਦੀ ਕੈਦ ਹੋ ਸਕਦੀ ਹੈ।