ਸਿਡਨੀ : ਦੋ ਮੰਜ਼ਲਾਂ ਘਰ ''ਚ ਲੱਗੀ ਅੱਗ, ਪੁਲਸ ਅਧਿਕਾਰੀਆਂ ਨੇ ਬਚਾਈ ਜਾਨ

07/16/2018 11:18:59 AM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਸਥਿਤ ਦੋ ਮੰਜ਼ਲਾਂ ਘਰ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਇਹ ਘਟਨਾ ਪੱਛਮੀ ਸਿਡਨੀ ਦੇ ਚਿਪਿੰਗ ਨੋਰਟਨ 'ਚ ਵਾਪਰੀ। ਖੁਸ਼ਕਿਸਮਤੀ ਨਾਲ ਘਰ 'ਚ ਮੌਜੂਦ 83 ਸਾਲਾ ਔਰਤ ਅਤੇ ਉਸ ਦੇ ਪੁੱਤਰ ਨੂੰ ਬਚਾ ਲਿਆ ਗਿਆ। ਸਥਾਨਕ ਪੁਲਸ ਨੇ ਉਨ੍ਹਾਂ ਨੂੰ ਬਚਾਉਣ 'ਚ ਮਦਦ ਕੀਤੀ। ਦੋਹਾਂ ਮਾਂ-ਪੁੱਤਰ ਨੇ ਪੁਲਸ ਦਾ ਧੰਨਵਾਦ ਕੀਤਾ। ਅੱਗ ਲੱਗਣ ਤੋਂ ਤੁਰੰਤ ਬਾਅਦ 3 ਪੁਲਸ ਅਧਿਕਾਰੀ ਅਤੇ ਇਕ ਗੁਆਂਢੀ ਅੰਦਰ ਗਏ ਅਤੇ ਔਰਤ ਤੇ ਉਸ ਦੇ ਪੁੱਤਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਨ੍ਹਾਂ ਲੱਭਿਆ ਅਤੇ ਕਿਸੇ ਤਰ੍ਹਾਂ ਅੱਗ ਤੋਂ ਬਚਾਉਂਦੇ ਹੋਏ ਘਰ 'ਚੋਂ ਬਾਹਰ ਲੈ ਕੇ ਆਏ। 


ਨਿਊ ਸਾਊਥ ਵੇਲਜ਼ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ 3 ਪੁਲਸ ਅਧਿਕਾਰੀਆਂ ਨੇ ਤੁਰੰਤ ਮੌਕਾ ਸੰਭਾਲਿਆ, ਸਾਨੂੰ ਉਨ੍ਹਾਂ 'ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਅੱਗ ਫੈਲ ਚੁੱਕੀ ਸੀ ਫਾਇਰ ਫਾਈਟਰਾਂ ਨੇ ਤੇਜ਼ੀ ਨਾਲ ਅੱਗ ਨੂੰ ਬੁਝਾ ਦਿੱਤਾ, ਜਿਸ ਕਾਰਨ 2 ਮੰਜ਼ਲਾਂ ਇਮਾਰਤ 'ਚ ਧੂੰਆਂ ਹੀ ਧੂੰਆਂ ਹੋ ਗਿਆ। ਬਚਾਏ ਗਏ ਦੋ ਲੋਕਾਂ ਅਤੇ 3 ਪੁਲਸ ਅਧਿਕਾਰੀਆਂ ਨੂੰ ਪੈਰਾ-ਮੈਡੀਕਲ ਅਧਿਕਾਰੀ ਨੇ ਇਲਾਜ ਲਈ ਤੁਰੰਤ ਲੀਵਰਪੂਲ ਹਸਪਤਾਲ ਪਹੁੰਚਾਇਆ। ਓਧਰ ਗੁਆਂਢੀਆਂ ਨੇ ਦੱਸਿਆ ਕਿ ਪੁਲਸ ਅਧਿਕਾਰੀ ਹੀਰੋ ਹਨ, ਜਿਨ੍ਹਾਂ ਨੇ ਘਰ ਦੇ ਮੈਂਬਰਾਂ ਦੀ ਜਾਨ ਬਚਾਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।