ਸਿਡਨੀ ਹਾਰਬਰ 'ਚ ਡਿੱਗਿਆ ਕੰਗਾਰੂ, ਬਚਾਅ ਕਰਮਚਾਰੀਆਂ ਨੇ ਬਚਾਈ ਜਾਨ

02/03/2018 12:31:43 PM

ਸਿਡਨੀ— ਆਸਟ੍ਰੇਲੀਆ 'ਚ ਇਕ ਛੋਟਾ ਕੰਗਾਰੂ ਸਿਡਨੀ ਹਾਰਬਰ 'ਚ ਗੰਭੀਰ ਹਾਲਤ 'ਚ ਤੈਰਦਾ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਕ ਕੁੱਤੇ ਨੇ ਉਸ ਦਾ ਪਿੱਛਾ ਕੀਤਾ ਅਤੇ ਉਹ ਪਾਣੀ 'ਚ ਡਿੱਗ ਗਿਆ। ਪਾਣੀ 'ਚ ਡਿੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਸੀ ਪਰ ਹੌਲੀ-ਹੌਲੀ ਤੈਰ ਰਿਹਾ ਸੀ। ਇਹ ਘਟਨਾ ਬੀਤੇ ਵੀਰਵਾਰ ਦੀ ਹੈ। ਕੰਗਾਰੂ ਨੂੰ ਕਿਸ਼ਤੀ 'ਤੇ ਸਵਾਰ ਬਚਾਅ ਅਧਿਕਾਰੀਆਂ ਨੇ ਰੱਸੀ ਦੇ ਸਹਾਰੇ ਬਚਾਇਆ। ਇਸ ਘਟਨਾ ਦੇ ਸੰਬੰਧ ਵਿਚ ਸਿਡਨੀ ਜੰਗਲੀ ਜੀਵ ਸੋਇਮ ਸੇਵਕ ਜੋਡੀ ਲੁਈਸ ਨੇ ਦੱਸਿਆ ਕਿ ਪਾਣੀ ਵਿਚ ਡਿੱਗਿਆ ਹੋਇਆ ਇਹ ਜਾਨਵਰ ਛੋਟਾ ਕੰਗਾਰੂ ਵਾਂਗ ਦਿੱਸਦਾ ਹੈ। 


ਉਨ੍ਹਾਂ ਅੱਗੇ ਦੱਸਿਆ ਕਿ ਕੰਗਾਰੂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਉਸ ਦੇ ਪੈਰਾਂ 'ਚ ਥੋੜ੍ਹੀ ਜਿਹੀ ਖਰੋਂਚ ਆਈ ਹੈ। ਇਲਾਜ ਮਗਰੋਂ ਉਸ ਨੂੰ ਛੇਤੀ ਹੀ ਜੰਗਲ 'ਚ ਛੱਡ ਦਿੱਤਾ ਜਾਵੇਗਾ। ਲੁਈਸ ਨੇ ਕਿਹਾ ਕਿ ਅਜਿਹਾ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ ਕਿ ਕੋਈ ਕੰਗਾਰੂ ਤੈਰਾਕੀ ਕਰਦਾ ਨਜ਼ਰ ਆਵੇ, ਉਹ ਵੀ ਲੱਗਭਗ 30 ਮਿੰਟ ਤੱਕ। ਉਨ੍ਹਾਂ ਨੇ ਦੱਸਿਆ ਕਿ ਕੰਗਾਰੂ ਦਾ ਕੁੱਤੇ ਨੇ ਪਿੱਛਾ ਕੀਤਾ, ਜਿਸ ਕਾਰਨ ਉਹ ਬਹੁਤ ਸਹਿਮ ਗਿਆ ਸੀ।