ਆਸਟ੍ਰੇਲੀਆ ''ਚ ''ਡਾਂਸ ਫੈਸਟੀਵਲ'' ਦੌਰਾਨ ਮਚੀ ਹਲ-ਚਲ, ਨਸ਼ੀਲੀਆਂ ਦਵਾਈਆਂ ਸਮੇਤ ਕਈ ਕਾਬੂ

09/17/2017 1:09:50 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਐਤਵਾਰ 8ਵਾਂ ਡਾਂਸ ਫੈਸਟੀਵਲ ਮਨਾਇਆ ਜਾ ਰਿਹਾ ਹੈ। ਜਿਸ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਹਨ। ਇਸ ਫੈਸਟੀਵਲ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ। ਇਸ ਫੈਸਟੀਵਲ 'ਚ ਸੁਰੱਖਿਆ ਲਈ ਪੁਲਸ ਪੂਰੀ ਚੌਕਸੀ ਵਰਤ ਰਹੀ ਹੈ। ਬਸ ਇੰਨਾ ਹੀ ਨਹੀਂ ਇਸ ਫੈਸਟੀਵਲ ਵਿਚ ਪੁਲਸ ਨੇ ਕੁੱਤਿਆਂ ਨੂੰ ਵੀ ਸ਼ਾਮਲ ਕੀਤਾ ਹੈ, ਤਾਂ ਕਿ ਉਹ ਸੁੰਘ ਕੇ ਕਿਸੇ ਤਰ੍ਹਾਂ ਦੀ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੁਲਸ ਨੂੰ ਚੌਕਸ ਕਰ ਦੇਣ। ਇਸ ਫੈਸਟੀਵਲ ਦੌਰਾਨ ਪੁਲਸ ਨੇ ਕੁਝ ਅਜਿਹੇ ਲੋਕਾਂ ਨੂੰ ਫੜਿਆ ਹੈ, ਜੋ ਕਿ ਨਸ਼ੀਲੀਆਂ ਦਵਾਈਆਂ ਸਪਲਾਈ ਕਰ ਰਹੇ ਸਨ। ਪੁਲਸ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ 37 ਨਸ਼ੀਲੀਆਂ ਦਵਾਈਆਂ ਮਿਲੀਆਂ ਹਨ। 


ਇਹ ਫੈਸਟੀਵਲ ਸ਼ਨੀਵਾਰ ਦੀ ਸਵੇਰ ਨੂੰ ਸਿਡਨੀ ਇੰਟਰਨੈਸ਼ਨਲ ਰੇਗਟਾ ਸੈਂਟਰ 'ਚ ਸ਼ੁਰੂ ਹੋਇਆ ਹੈ। ਪੁਲਸ ਨੇ ਇਕ 22 ਸਾਲਾ ਜਰਮਨ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 396 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ, ਜੋ ਕਿ ਇਨ੍ਹਾਂ ਕੈਪਸੂਲਾਂ ਨੂੰ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ ਪੁਲਸ ਨੇ ਇਕ ਹੋਰ ਵਿਅਕਤੀ ਕੋਲੋਂ 200 ਗੋਲੀਆਂ ਅਤੇ ਇਕ ਔਰਤ ਤੋਂ 87 ਗੋਲੀਆਂ ਬਰਾਮਦ ਕੀਤੀਆਂ ਹਨ। ਦੱਸਣਯੋਗ ਹੈ ਕਿ ਚਿਲੀ, ਆਸਟ੍ਰੇਲੀਆ, ਨੀਂਦਰਲੈਂਡ 'ਚ ਹਰ ਸਾਲ ਇਸ ਤਰ੍ਹਾਂ ਦੇ ਸੰਗੀਤ ਅਤੇ ਡਾਂਸ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ। ਸਿਡਨੀ 'ਚ ਇਸ ਸਮੇਂ ਜੋ ਡਾਂਸ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਉਸ 'ਚ ਤਕਰੀਬਨ 24,000 ਲੋਕ ਸ਼ਾਮਲ ਹੋਏ ਹਨ।