ਸ਼ੈੱਫ ਨੂੰ ਨੌਕਰੀ ''ਚੋਂ ਕੱਢਣ ਵਾਲੇ ਸਟੋਰ ਨੂੰ ਲੱਗਾ 18,200 ਡਾਲਰ ਦਾ ਜੁਰਮਾਨਾ

05/22/2019 12:53:55 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿਣ ਵਾਲੇ ਇਕ ਕੈਂਸਰ ਪੀੜਤ ਸ਼ੈੱਫ ਨੂੰ ਸਟੋਰ ਤੋਂ ਤਿੰਨ ਦਿਨਾਂ ਦੀ ਛੁੱਟੀ ਲੈਣੀ ਮਹਿੰਗੀ ਪਈ ਤੇ ਉਸ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ। ਉਸ ਨੇ ਇਸ ਦੇ ਵਿਰੋਧ 'ਚ ਆਵਾਜ਼ ਚੁੱਕੀ ਤੇ ਆਸਟ੍ਰੇਲੀਆ ਦੀ ਰਾਸ਼ਟਰੀ ਸੰਸਥਾ ਫੇਅਰ ਵਰਕ ਕਮਿਸ਼ਨ ਨੇ ਸਟੋਰ ਨੂੰ 18,200 ਡਾਲਰ ਦਾ ਜੁਰਮਾਨਾ ਠੋਕਿਆ ਹੈ। ਚੈਨੀਨਟੋਰਨ ਸਿਰੀ ਨਾਂ ਦਾ ਵਿਅਕਤੀ ਅਰਬਨ ਆਰਚਡ ਫੂਡ ਸਟੋਰ 'ਚ ਸ਼ੈੱਫ ਵਜੋਂ ਕੰਮ ਕਰਦਾ ਸੀ। 2018 'ਚ ਨਵੰਬਰ ਮਹੀਨੇ ਉਸ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ 3 ਦਿਨਾਂ ਦੀਆਂ ਛੁੱਟੀਆਂ ਲਈਆਂ ਸਨ। ਸਿਰੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਦਿਨਾਂ ਤਕ ਉਹ ਹਸਪਤਾਲ 'ਚ ਭਰਤੀ ਰਿਹਾ ਸੀ ਕਿਉਂਕਿ ਉਸ ਦੇ ਪੇਟ 'ਚ ਬਹੁਤ ਦਰਦ ਹੋ ਰਹੀ ਸੀ।

ਸਿਰੀ ਨੇ ਆਪਣੇ ਇਮਪਲੋਅਰ ਤੋਂ ਛੁੱਟੀ ਲਈ ਸੀ ਪਰ ਦੋ ਦਿਨਾਂ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਹੈ। ਹਾਲਾਂਕਿ ਸਟੋਰ ਮਾਲਕਣ ਨੇ ਕਿਹਾ ਕਿ ਉਨ੍ਹਾਂ ਨੇ ਸਿਰੀ ਦੇ ਘਟੀਆ ਰਵੱਈਏ ਅਤੇ ਹੇਰਾ-ਫੇਰੀ ਕਰਨ ਕਰਕੇ ਉਸ ਨੂੰ ਨੌਕਰੀ 'ਚੋਂ ਕੱਢਿਆ ਸੀ ਪਰ ਉਹ ਇਸ ਦਾ ਕੋਈ ਸਬੂਤ ਪੇਸ਼ ਨਾ ਕਰ ਸਕੀ। ਸਟੋਰ ਦੀ ਮਾਲਕਣ ਨੇ ਇਹ ਵੀ ਕਿਹਾ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਸਿਰੀ ਕੈਂਸਰ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਦੋਸ਼ ਲਗਾਇਆ ਕਿ ਉਹ ਸ਼ਿਫਟ ਵੀ ਲੇਟ ਲਗਾਉਂਦਾ ਸੀ ਅਤੇ ਸਟੋਰ ਛੇਤੀ ਬੰਦ ਕਰਕੇ ਚਲਾ ਗਿਆ ਸੀ। ਹਾਲਾਂਕਿ ਫੇਅਰ ਵਰਕ ਕਮਿਸ਼ਨ ਨੇ ਕੱਲ ਇਹ ਸਾਬਤ ਕਰ ਦਿੱਤਾ ਕਿ ਸਿਰੀ ਨੂੰ ਗਲਤ ਤਰੀਕੇ ਨਾਲ ਨੌਕਰੀ 'ਚੋਂ ਕੱਢਿਆ ਗਿਆ। ਕਮਿਸ਼ਨਰ ਨੇ ਕਿਹਾ ਕਿ ਸਿਰੀ ਨੂੰ ਫੋਨ ਕਰਕੇ ਨੌਕਰੀ 'ਚੋਂ ਕੱਢਣ ਦੀ ਜਾਣਕਾਰੀ ਦੇਣਾ ਬਹੁਤ ਗਲਤ ਸੀ। ਪਹਿਲਾਂ ਸਟੋਰ ਮਾਲਕਣ ਨੂੰ ਮੁਆਵਜ਼ੇ ਵਜੋਂ ਸਿਰੀ ਨੂੰ 26,000 ਡਾਲਰ ਦੇਣ ਦਾ ਹੁਕਮ ਦਿੱਤਾ ਗਿਆ ਸੀ ਤੇ ਫਿਰ ਮੁਆਵਜ਼ਾ ਰਾਸ਼ੀ ਨੂੰ ਘਟਾ ਕੇ 18,200 ਡਾਲਰ ਕਰ ਦਿੱਤਾ ਗਿਆ।