ਗ੍ਰੇਟਰ ਸਿਡਨੀ ਦੇ ਲੋਕਾਂ ਨੂੰ ਵਿਕਟੋਰੀਆ ਤੇ ਕੁਈਨਜ਼ਲੈਂਡ ਘੁੰਮਣ ਦੀ ਮਿਲੀ ਇਜਾਜ਼ਤ

01/30/2021 1:54:52 PM

ਸਿਡਨੀ- ਆਸਟ੍ਰੇਲੀਆ ਦੇ ਗ੍ਰੇਟਰ ਸਿਡਨੀ 'ਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ ਕਿ ਹੁਣ ਉਹ ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿਚ ਬਿਨਾਂ ਕਿਸੇ ਪਾਬੰਦੀ ਦੇ ਸਫ਼ਰ ਕਰ ਸਕਦੇ ਹਨ। ਗ੍ਰੇਟਰ ਸਿਡਨੀ ਵਿਚ ਕੋਰੋਨਾ ਲਗਭਗ ਕਾਬੂ ਵਿਚ ਆ ਚੁੱਕਾ ਹੈ ਤੇ ਨਵੇਂ ਮਾਮਲੇ ਦਰਜ ਨਾ ਹੋਣ ਕਾਰਨ ਲੋਕਾਂ ਨੂੰ ਪਾਬੰਦੀਆਂ ਵਿਚ ਰਾਹਤ ਮਿਲ ਰਹੀ ਹੈ। 

ਬੀਤੀ ਸ਼ਾਮ 6 ਵਜੇ ਤੋਂ ਗ੍ਰੇਟਰ ਸਿਡਨੀ ਵਿਚ ਲਾਗੂ ਓਰੈਂਜ ਜ਼ੋਨ ਨੂੰ ਗ੍ਰੀਨ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸਿਰਫ ਕੁੰਬਰਲੈਂਡ ਨੂੰ ਹੀ ਓਰੈਂਜ ਜ਼ੋਨ ਵਿਚ ਰੱਖਿਆ ਗਿਆ ਸੀ, ਕਿਉਂਕਿ ਇੱਥੇ ਕੁਝ ਲੋਕ ਵਿਕਟੋਰੀਆ ਤੋਂ ਆਏ ਸਨ ਤੇ 72 ਘੰਟਿਆਂ ਬਾਅਦ ਉਹ ਕੋਰੋਨਾ ਪੀੜਤ ਪਾਏ ਗਏ। 

ਅੱਜ ਵਿਕਟੋਰੀਆ ਵਿਚ ਵੀ ਕੋਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ। ਸੂਬੇ ਦੀ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋਕ ਚਾਹੁੰਦੇ ਹਨ ਕਿ ਸਰਕਾਰ ਪਾਬੰਦੀਆਂ ਵਿਚ ਪੂਰੀ ਤਰ੍ਹਾਂ ਢਿੱਲ ਦੇ ਦੇਵੇ ਤਾਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾ ਕੇ ਕੋਰੋਨਾ ਦੇ ਜ਼ੀਰੋ ਮਾਮਲੇ ਦਰਜ ਕਰਨੇ ਪੈਣਗੇ। ਸਿਹਤ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਲੋਕ ਬਿਨਾਂ ਝਿਜਕ ਦਾ ਆਪਣਾ ਕੋਰੋਨਾ ਟੈਸਟ ਕਰਵਾਉਣ।
ਆਸਟ੍ਰੇਲੀਆ ਵਿਚ ਇਸ ਸਮੇਂ ਗਰਮੀ ਪੈ ਰਹੀ ਹੈ ਤੇ ਲੋਕ ਗਰਮੀ ਤੋਂ ਨਿਜਾਤ ਪਾਉਣ ਲਈ ਘੁੰਮਣਾ-ਫਿਰਨਾ ਪਸੰਦ ਕਰਦੇ ਹਨ ਪਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਹੀ ਮਜਬੂਰ ਸਨ। ਹੁਣ ਗ੍ਰੇਟਰ ਸਿਡਨੀ ਦੇ ਰਹਿਣ ਵਾਲੇ ਲੋਕਾਂ ਨੂੰ ਘੁੰਮਣ ਦੀ ਖੁੱਲ੍ਹ ਮਿਲ ਗਈ ਹੈ। 
 


Lalita Mam

Content Editor

Related News