ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੀ ਸ਼ਿਸ਼ ਦਾ ਅਸਲ ਧਰਮ : ਚੇਤਨਾ ਨੰਦ ਜੀ ਭੂਰੀਵਾਲੇ

12/15/2019 3:46:06 PM

ਸਿਡਨੀ /ਪਰਥ (ਸਨੀ ਚਾਂਦਪੁਰੀ): ਪਰਥ ਵਿਖੇ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾ) ਦਾ ਸਲਾਨਾ ਸਮਾਗਮ ਸ਼ਰਧਾ ਪੂਰਵਕ ਸਮਾਪਤ ਹੋ ਗਿਆ। ਕੱਲ ਸਵੇਰੇ 5:30 ਵਜੇ ਮਹਾਰਾਜ ਗਰੀਬਦਾਸ ਜੀ ਦੀ ਅਮ੍ਰਿੰਤਮਈ ਬਾਣੀ ਦੇ ਪਾਠ ਬਾਬਾ ਸਾਈਂ ਟੈਂਪਲ ਪਰਥ ਵਿਖੇ ਰੱਖੇ ਗਏ ਅਤੇ 11:00 ਵਜੇ ਭੋਗ ਪਾਉਣ ਉਪਰੰਤ ਭੂਰੀਵਾਲੇ ਭੇਖ ਦੇ ਚੌਥੇ ਅਤੇ ਮੌਜੂਦਾ ਗੱਦੀਨਸ਼ੀਨ ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਸਤਿਸੰਗ ਕਰਦਿਆਂ ਕਿਹਾ ਕਿ ਮਨੁੱਖ ਲਈ ਗੁਰੂ ਤੋਂ ਵੱਡੀ ਖ਼ੁਸ਼ੀ ਕੋਈ ਖ਼ੁਸ਼ੀ ਨਹੀਂ ਹੈ । ਗੁਰੂ ਵੱਲੋ ਦਿੱਤੇ ਗਿਆਨ ਨਾਲ ਮਨੁੱਖ ਦਾ ਕਲਿਆਣ ਹੁੰਦਾ ਹੈ।ਜਿਹੜਾ ਮਨੁੱਖ ਗੁਰੂ ਦੇ ਕਹੇ ਅਨੁਸਾਰ ਜੀਵਨ ਬਤੀਤ ਕਰੇ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ ਕਿਉਂਕਿ ਜਿਵੇਂ ਮਾਤਾ-ਪਿਤਾ ਲਈ ਆਪਣੇ ਸਾਰੇ ਬੱਚੇ ਇੱਕ ਸਮਾਨ ਹੁੰਦੇ ਹਨ ਉਸੇ ਤਰ੍ਹਾਂ ਗੁਰੂ ਵੀ ਆਪਣੇ ਸ਼ਿਸ਼ ਵਿੱਚ ਭੇਦ ਭਾਵ ਨਹੀਂ ਕਰਦੇ ਉਹਨਾਂ ਨੂੰ ਸਾਰੇ ਇੱਕ ਸਮਾਨ ਹੁੰਦੇ ਹਨ ਪਰ ਜੇਕਰ ਸ਼ਿਸ਼ ਗੁਰੂ ਦੀ ਆਗਿਆ ਵਿੱਚ ਰਹਿ ਕੇ ਚੱਲਦਾ ਹੈ ਉਹ ਹਮੇਸ਼ਾ ਸੁੱਖ ਪਾਉਂਦਾ ਹੈ ।

ਉਹਨਾਂ ਅੱਗੇ ਸਤਿਸੰਗ ਦੌਰਾਨ ਕਿਹਾ ਕਿ ਗੁਰੂ ਅਤੇ ਮਾਤਾ-ਪਿਤਾ ਵੱਲੋਂ ਦਿੱਤੇ ਸੰਸਕਾਰ ਹੀ ਮਨੁੱਖ ਨੂੰ ਚੰਗੇ ਕੰਮਾਂ ਵੱਲ ਲਾਉਂਦੇ ਹਨ । ਬਿਨਾਂ ਗੁਰੂ ਤੋਂ ਮਨੁੱਖ ਨੂੰ ਕਿਸੇ ਗੱਲ ਦਾ ਬੋਧ ਨਹੀਂ ਆ ਸਕਦਾ। ਮਨੁੱਖ ਦੇ ਅਸਲ ਜੀਵਨ ਨੂੰ ਗੁਰੂ ਦੀ ਕ੍ਰਿਪਾ ਅਤੇ ਗੁਰੂ ਵੱਲੋਂ ਦਿੱਤੇ ਗਿਆਨ ਨਾਲ ਹੀ ਸਹੀ ਦਿਸ਼ਾ ਮਿਲ ਸਕਦੀ ਹੈ । ਸ਼ਿਸ਼ ਦਾ ਇਹ ਨਿਯਮ ਹੈ ਕਿ ਗੁਰੂ ਦੀ ਆਗਿਆ ਦਾ ਹਮੇਸ਼ਾ ਪਾਲਣ ਕਰੇ ਅਤੇ ਗੁਰੂ ਦੀ ਗੱਲ 'ਤੇ ਅਮਲ ਕਰੇ । ਇਸ ਮੌਕੇ ਸ਼੍ਰੀ ਰਾਮ ਰੇਂਜ ਅਫਸਰ, ਓਮ ਪ੍ਰਕਾਸ਼ ਓਮੀ ਕਬੱਡੀ ਪ੍ਰਮੋਟਰ, ਰਾਮ ਜੀ ਸਿੰਘਪੁਰ, ਹਰਮੋਹਨ ਕਟਾਰੀਆ, ਬੱਬੂ ਬੂੰਬਲਾ, ਮਨੀਸ਼ ਕੁਮਾਰ, ਸੁਨੀਲ ਚੌਧਰੀ, ਲੱਕੀ ਬਜਾੜ, ਕੁਲਤਰਨ ਸਿੰਘ, ਕਰਨ ਸ਼ਰਮਾ ਤੋਂ ਇਲਾਵਾ ਬਹੁਗਿਣਤੀ ਸੰਗਤ ਮੌਜੂਦ ਸੀ । 

Vandana

This news is Content Editor Vandana