ਸਵਿਟਜ਼ਰਲੈਂਡ ''ਚ ਅੱਜ ਤੋਂ ਵਰਲਡ ਇਕਨੋਮਿਕ ਫੋਰਮ ਸੰਮੇਲਨ ਦੀ ਸ਼ੁਰੂਆਤ

01/21/2019 9:52:04 AM

ਦਾਵੋਸ (ਬਿਊਰੋ)— ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਰਲਡ ਇਕਨੋਮਿਕ ਫੋਰਮ (ਡਬਲਊ.ਈ.ਐੱਫ.) ਦਾ 5 ਦਿਨੀਂ ਸਾਲਾਨਾ ਆਯੋਜਨ ਅੱਜ ਤੋਂ ਭਾਵ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਿਚ ਦੁਨੀਆ ਭਰ ਤੋਂ ਕਾਰੋਬਾਰ, ਰਾਜਨੀਤੀ, ਮਨੋਰੰਜਨ, ਅਰਥਸ਼ਾਸਤਰ, ਕੌਮਾਂਤਰੀ ਸੰਗਠਨਾਂ ਅਤੇ ਹੋਰ ਖੇਤਰਾਂ ਦੀਆਂ ਮਹਾਨ ਸ਼ਖਸੀਅਤਾਂ ਸ਼ਾਮਲ ਹੋ ਰਹੀਆਂ ਹਨ। 

ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਇਸ ਵਾਰ ਸੰਮੇਲਨ ਦੇ ਕੋ-ਚੇਅਰਮੈਨ ਹੋਣਗੇ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਯੂਲੀ ਮਾਰਰ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ, ਇਟਲੀ ਦੇ ਪ੍ਰਧਾਨ ਮੰਤਰੀ ਗੇਸਪੀ ਕੋਂਟ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਸਮੇਤ ਆਈ.ਐੱਮ.ਐੱਫ., ਡਬਲਊ.ਟੀ.ਓ., ਵਰਲਡ ਬੈਂਕ ਅਤੇ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਦੇ ਪ੍ਰਮੁੱਖ ਸ਼ਾਮਲ 
ਹੋਣਗੇ।

ਭਾਰਤ ਤੋਂ ਇਸ ਸੰਮੇਲਨ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ, ਆਂਧਰਾ ਪ੍ਰਦੇਸ਼ ਦੇ ਮੰਤਰੀ ਲੋਕੇਸ਼ ਨਾਰਾ ਅਤੇ ਪੰਜਾਬ ਦੇ ਮੰਤਰੀ ਮਨਪ੍ਰੀਤ ਬਾਦਲ ਦੇ ਇਲਾਵਾ ਗੌਤਮ ਅਡਾਨੀ, ਮੁਕੇਸ਼ ਅੰਬਾਨੀ (ਪਰਿਵਾਰ ਸਮੇਤ), ਸੰਜੀਵ ਬਜਾਜ, ਐੱਨ. ਚੰਦਰਸ਼ੇਖਰਨ, ਸੱਜਨ ਜਿੰਦਲ, ਆਨੰਦ ਮਹਿੰਦਰਾ, ਸੁਨੀਲ ਮਿੱਤਲ, ਨੰਦਨ ਨਿਲੇਕਨੀ, ਸਲਿਲ ਪਾਰੇਖ, ਅਜ਼ੀਮ ਪ੍ਰੇਮਜੀ, ਰਵੀ ਰੂਇਆ, ਅਜੈ ਸਿੰਘ, ਕਰਣ ਜ਼ੌਹਰ, ਸਾਬਕਾ ਆਰ.ਬੀ.ਆਈ. ਗਵਰਨਰ ਰਘੁਰਾਮ ਰਾਜਨ, ਕੇਵੀ ਕਾਮਥ ਅਤੇ ਗੀਤਾ ਗੋਪੀਨਾਥ ਜਿਹੀਆਂ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ।

ਇੱਥੇ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਘਰੇਲੂ ਕਾਰਨਾਂ ਕਾਰਨ ਇਸ ਸੰਮੇਲਨ ਵਿਚ ਹਿੱਸਾ ਨਹੀਂ ਲੈ ਰਹੇ ਹਨ।

Vandana

This news is Content Editor Vandana