ਸਵੀਡਨ 'ਚ ਬਣਾਇਆ ਗਿਆ ਪਾਣੀ 'ਤੇ 'ਤੈਰਦਾ ਹੋਟਲ', ਦੇਖੋ ਸ਼ਾਨਦਾਰ ਤਸਵੀਰਾਂ

02/05/2020 3:13:41 PM

ਸਟਾਕਹੋਲਮ (ਬਿਊਰੋ): ਜਦੋਂ ਅਸੀਂ ਕਿਸੇ ਹੋਟਲ ਦੀ ਗੱਲ ਕਰਦੇ ਹਾਂ ਤਾਂ ਇਕ ਸ਼ਾਨਦਾਰ ਇਮਾਰਤ ਦੀ ਤਸਵੀਰ ਸਾਹਮਣੇ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੋਟਲ ਦੇ ਬਾਰੇ ਵਿਚ ਦੱਸ ਰਹੇ ਹਾਂ ਜੋ ਪਾਣੀ ਦੀ ਸਤਹਿ 'ਤੇ ਬਣਾਇਆ ਗਿਆ ਹੈ। ਸਵੀਡਨ ਦੇ ਉੱਤਰੀ ਹਿੱਸੇ ਲੈਪਲੈਂਡ ਖੇਤਰ ਵਿਚ ਲਿਊਲ ਨਦੀ 'ਤੇ ਇਕ ਤੈਰਦਾ ਹੋਟਲ ਅਤੇ ਸਪਾ 'ਦੀ ਆਰਕਟਿਕ ਬਾਥ' ਬਣਾਇਆ ਗਿਆ ਹੈ। ਇਸ ਨੂੰ ਮੰਗਲਵਾਰ ਨੂੰ ਲੋਕਾਂ ਲਈ ਸ਼ੁਰੂ ਕਰ ਦਿੱਤਾ ਗਿਆ। ਇੱਥੇ ਲੱਕੜ ਦੇ ਤੈਰਦੇ ਰਸਤਿਆਂ ਅਤੇ ਕਿਸ਼ਤੀ ਜ਼ਰੀਏ ਹੋਟਲ ਵਿਚ ਪਹੁੰਚਿਆ ਜਾ ਸਕਦਾ ਹੈ। ਗਾਹਕ ਹਵਾਈ ਅੱਡੇ ਤੋਂ ਹੋਟਲ ਤੱਕ ਪਹੁੰਚਣ ਲਈ ਕਾਰ, ਹੈਲੀਕਾਪਟਰ ਦੀ ਵਰਤੋਂ ਵੀ ਕਰ ਸਕਦੇ ਹਨ। ਹੋਟਲ ਵਿਚ 12 ਕਮਰੇ ਹਨ। 

ਹੋਟਲ ਨੂੰ ਬਣਾਉਣ ਦਾ ਕੰਮ 2018 ਵਿਚ ਸ਼ੁਰੂ ਹੋਇਆ ਸੀ। ਇਸ ਨੂੰ ਆਰਕੀਟੈਕਟ ਬਰਟਿਲ ਹੈਰਸਟ੍ਰੋਮ ਅਤੇ ਜੋਹਾਨ ਕੋਪੀ ਨੇ ਡਿਜ਼ਾਈਨ ਕੀਤਾ ਹੈ। ਇਸ ਨੂੰ ਬਣਾਉਂਦੇ ਸਮੇਂ ਕੁਦਰਤੀ ਮਾਹੌਲ ਬਣਾਈ ਰੱਖਣ ਦਾ ਪੂਰਾ ਧਿਆਨ ਰੱਖਿਆ ਗਿਆ।

ਇਸ ਹੋਟਲ ਨੂੰ ਲੈ ਕੇ ਲੋਕਾਂ ਵਿਚ ਅਜਿਹਾ ਕ੍ਰੇਜ ਹੈ ਕਿ 2020 ਅਤੇ 2021 ਲਈ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇੱਥੇ ਇਕ ਦਿਨ ਦਾ ਕਿਰਾਇਆ 815 ਪੌਂਡ (ਕਰੀਬ 75 ਹਜ਼ਾਰ ਰੁਪਏ) ਹੈ। ਇਹ ਹੋਟਲ ਗਰਮੀਆਂ ਦੇ ਦਿਨਾਂ ਵਿਚ ਨਦੀ 'ਤੇ ਤੈਰੇਗਾ ਪਰ ਸਰਦੀਆਂ ਵਿਚ ਬਰਫ ਜੰਮ ਜਾਣ ਕਾਰਨ ਇਹ ਪਾਣੀ ਦੇ ਨਾਲ ਫਿਕਸ ਹੋ ਜਾਵੇਗਾ।

ਲਿਊਲੀਆ ਹਵਾਈ ਅੱਡੇ ਤੋਂ ਇਕ ਘੰਟੇ ਦੀ ਦੂਰੀ 'ਤੇ ਸਥਿਤ ਦੀ ਆਰਕਟਿਕ ਬਾਥ ਦੇ ਸਪਾ ਸੈਂਟਰ ਵਿਚ ਵੈਲਨੈੱਸ ਥੀਮ 'ਤੇ ਕੰਮ ਕੀਤਾ ਗਿਆ ਹੈ। ਇੱਥੇ ਗਾਹਕਾਂ ਦੇ ਪੋਸ਼ਣ, ਕਸਰਤ ਅਤੇ ਮਨ ਦੀ ਸ਼ਾਂਤੀ ਲਈ ਵਿਸ਼ੇਸ਼ ਧਿਆਨ ਥੈਰੇਪੀ ਦਿੱਤੀ ਜਾ ਰਹੀ ਹੈ। ਹੋਟਲ ਦੀ ਟੀਮ ਨੇ ਸੈਲਾਨੀਆਂ ਤੇ ਸਥਾਨਕ ਪਿੰਡ ਹੇਰਾਡਸ ਦੇ ਲੋਕਾਂ ਵਿਚ ਤਾਲਮੇਲ ਬਿਠਾਉਣ ਦੀ ਵੀ ਤਿਆਰੀ ਕੀਤੀ ਹੈ। ਇਸ ਦੇ ਤਹਿਤ ਮਹਿਮਾਨ ਪਿੰਡ ਵਿਚ ਜਾ ਕੇ ਸਥਾਨਕ ਵਸਨੀਕ ਕੋਲੋਂ ਸੈਮੀ ਸੱਭਿਆਚਾਰ ਬਾਰੇ ਜਾਣਕਾਰੀ ਲੈ ਸਕਣਗੇ।

ਇਸ ਦੇ ਇਲਾਵਾ ਗਾਹਕਾਂ ਲਈ ਇਹ ਜਗ੍ਹਾ ਧਰੁਵੀ ਭਾਲੂਆਂ ਨੂੰ ਦੇਖਣ, ਘੁੜਸਵਾਰੀ ਕਰਨ ਅਤੇ ਕੁਦਰਤੀ ਫੋਟੋਗ੍ਰਾਫੀ ਲਈ ਅਨੁਕੂਲ ਹੈ। ਇੱਥੋਂ ਨੌਰਦਰਨ ਲਾਈਟ ਦੇ ਨਜ਼ਾਰੇ ਦੇਖੇ ਜਾ ਸਕਦੇ ਹਨ।

ਜਾਣੋ ਨੋਰਦਰਨ ਲਾਈਟ ਦੇ ਬਾਰੇ 'ਚ
ਧਰਤੀ ਦੇ ਉੱਤਰੀ ਅਤੇ ਦੱਖਣੀ ਚੁੰਬਕੀ ਧਰੁਵ 'ਤੇ ਇਹ ਰੋਸ਼ਨੀਆਂ ਦਿਖਾਈ ਦਿੰਦੀਆਂ ਹਨ। ਉੱਤਰੀ ਧਰੁਵ ਦੇ ਨੇੜੇ ਹਵਾ ਵਿਚ ਗੈਸ ਦੇ ਕਣ ਘੁੰਮਦੇ ਰਹਿੰਦੇ ਹਨ। ਇੱਥੇ 6 ਮਹੀਨੇ ਦਾ ਦਿਨ ਹੁੰਦਾ ਹੈ ਅਤੇ 6 ਮਹੀਨੇ ਦੀ ਰਾਤ ਹੁੰਦੀ ਹੈ। ਜਦੋਂ ਇਹਨਾਂ ਗੈਸਾਂ ਦੇ ਕਣਾਂ 'ਤੇ ਅੱਧੀ ਰਾਤ ਵੇਲੇ ਸੂਰਜ ਦੀ ਰੋਸ਼ਨੀ ਪੈਂਦੀ ਹੈ ਤਾਂ ਆਸਮਾਨ ਵਿਚ ਰੰਗੀਨ ਰੋਸ਼ਨੀਆਂ ਚਮਕਣ ਲੱਗਦੀਆਂ ਹਨ। ਇਹਨਾਂ ਨੂੰ ਹੀ ਨੋਰਦਨ ਲਾਈਟ ਕਿਹਾ ਜਾਂਦਾ ਹੈ। ਇਹਨਾਂ ਦਾ ਆਕਾਰ 20 ਕਿਲੋਮੀਟਰ ਤੋਂ ਲੈ ਕੇ 640 ਕਿਲੋਮੀਟਰ ਤੱਕ ਹੁੰਦਾ ਹੈ।

Vandana

This news is Content Editor Vandana