ਸ਼੍ਰੀਲੰਕਾ 'ਚ ਹੋਏ ਹਮਲੇ ਨੇ ਪੁਲਵਾਮਾ ਦੇ ਜ਼ਖਮ ਕੀਤੇ ਹਰੇ : ਸੁਸ਼ਮਾ ਸਵਰਾਜ

05/22/2019 2:57:59 PM

ਬਿਸ਼ਕੇਕ— ਕਿਰਗੀਸਤਾਨ 'ਚ ਸ਼ਿੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋ ਰਹੀ ਹੈ। ਬੈਠਕ ਦੇ ਉਦਘਾਟਨ ਸਮੇਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਦੀ ਨਿੰਦਾ ਕਰਦੇ ਹੋਏ ਸ਼੍ਰੀਲੰਕਾ ਬੰਬ ਧਮਾਕਿਆਂ 'ਤੇ ਦੁੱਖ ਪ੍ਰਗਟਾਇਆ। ਸੁਸ਼ਮਾ ਸਵਰਾਜ ਨੇ ਸ਼੍ਰੀਲੰਕਾ ਬੰਬ ਧਮਾਕਿਆਂ ਦਾ ਅਫਸੋਸ ਪ੍ਰਗਟਾਉਂਦੇ ਹੋਏ ਪੁਲਵਾਮਾ ਹਮਲੇ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਲਈ ਰੋ ਰਿਹਾ ਸੀ ਕਿ ਗੁਆਂਢੀ ਦੇਸ਼ ਸ਼੍ਰੀਲੰਕਾ 'ਚ ਇੰਨਾ ਵੱਡਾ ਹਾਦਸਾ ਵਾਪਰ ਗਿਆ। ਸ਼੍ਰੀਲੰਕਾ ਹਮਲੇ ਨੇ ਪੁਲਵਾਮਾ ਹਮਲੇ ਦੇ ਜ਼ਖਮਾਂ ਨੂੰ ਹਰੇ ਕਰ ਦਿੱਤਾ ਹੈ।

ਸ਼ਿੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਬੋਲਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਅੱਤਵਾਦ ਅਤੇ ਇਸ ਨੂੰ ਫੰਡਿੰਗ ਕਰਨ ਵਾਲੇ ਦੇਸ਼ਾਂ ਦੀ ਨਿੰਦਾ ਕਰਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਖੇਤਰੀ ਉੱਤਰ-ਪੱਛਮੀ ਗਲਿਆਰੇ, ਚਾਬਹਾਰ ਪੋਰਟ, ਅਸ਼ਗਾਬਾਤ ਸਮਝੌਤੇ ਅਤੇ ਭਾਰਤ-ਮਿਆਂਮਾਰ-ਥਾਈਲੈਂਡ ਤ੍ਰਿਪੱਖੀ ਹਾਈਵੇਅ 'ਚ ਹਿੱਸੇਦਾਰੀ ਨਾਲ ਭਾਰਤ ਦੀ ਖੇਤਰੀ ਕੁਨੈਕਟਿਵਿਟੀ ਪ੍ਰਤੀ ਵਨਬੱਧਤਾ ਸਪੱਸ਼ਟ ਹੈ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਕਿਹਾ,''ਅਸੀਂ ਖੇਤਰੀ ਕੁਨੈਕਟਿਵਿਟੀ ਦੀ ਪਹਿਲ ਦਾ ਸਵਾਗਤ ਕਰਦੇ ਹਾਂ ਪਰ ਸ਼ਰਤ ਇਹ ਹੈ ਕਿ ਇਹ ਪਾਰਦਰਸ਼ੀ ਹੀ ਹੋਵੇ। ਅਸੀਂ ਦੇਸ਼ਾਂ ਦੀ ਖੇਤਰੀ ਅਖੰਡਤਾ ਦੇ ਸਿਧਾਂਤਾਂ ਦਾ ਸਨਮਾਨ ਕਰਦੇ ਹਾਂ।'' 

ਵਿਦੇਸ਼ ਮੰਤਰੀ ਨੇ ਕਿਰਗੀਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਕਿਹਾ ਕਿ ਭਾਰਤ ਦਾ ਦਿਲ ਸ਼੍ਰੀਲੰਕਾ ਦੇ ਸਾਡੇ ਭਰਾਵਾਂ ਅਤੇ ਭੈਣਾਂ ਲਈ ਧੜਕਦਾ ਹੈ, ਜਿਨ੍ਹਾਂ ਨੇ ਹਾਲ ਹੀ 'ਚ ਅੱਤਵਾਦ ਦੀ ਭਿਆਨਕ ਤ੍ਰਾਸਦੀ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਸੰਕਟ ਦੇ ਸਮੇਂ ਸ਼੍ਰੀਲੰਕਾ ਦੇ ਨਾਲ ਖੜ੍ਹਾ ਹੈ।
ਉਨ੍ਹਾਂ ਨੇ ਇਸ ਮੌਕੇ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਜਲਵਾਯੂ ਪਰਿਵਰਤਨ 'ਤੇ ਯੂ. ਐੱਨ. ਫਰੇਮਵਰਕ ਕਨਵੈਂਸ਼ਨ ਦੇ ਸੀ. ਓ. ਪੀ. 24 'ਚ ਹੋਏ ਸਮਝੌਤੇ ਦਾ ਸਵਾਗਤ ਕਰਦੇ ਹਾਂ।