ਆਸਟ੍ਰੇਲੀਆ ਦੇ ਡਾਕਟਰਾਂ ਨੇ ਤਿੰਨ ਲੱਤਾਂ ਵਾਲੀ ਕੁੜੀ ਨੂੰ ਦਿੱਤੀ ਨਵੀਂ ਜ਼ਿੰਦਗੀ, ਭੋਗ ਰਹੀ ਸੀ ਨਰਕ (ਦੇਖੋ ਤਸਵੀਰਾਂ)

04/29/2017 2:08:53 PM

ਸਿਡਨੀ— ਬੰਗਲਾਦੇਸ਼ ਵਿਚ ਪੈਦਾ ਹੋਈ ਤਿੰਨ ਲੱਤਾਂ ਵਾਲੀ ਬੱਚੀ ਚੋਏਤੀ ਖਾਤੂਨ ਦਾ ਆਸਟ੍ਰੇਲੀਆ ਦੇ ਡਾਕਟਰਾਂ ਨੇ ਸਫਲਤਾਪੂਰਵਕ ਆਪ੍ਰੇਸ਼ਨ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਤਿੰਨ ਸਾਲਾ ਚੋਏਤੀ ਦੇ ਸਰੀਰ ''ਤੇ ਜਨਮ ਤੋਂ ਹੀ ਤੀਜੀ ਲੱਤ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਉਸ ਦੇ ਨਾਲ ਪਲ ਰਹੇ ਜੁੜਵਾ ਬੱਚੇ ਦੀ ਲੱਤ ਸੀ। ਹਾਲਾਂਕਿ ਮਾਂ ਦੇ ਗਰਭ ਵਿਚ ਜੁੜਵਾ ਬੱਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ ਪਰ ਉਸ ਦੀ ਲੱਤ ਬੱਚੀ ਦੇ ਸਰੀਰ ਵਿਚ ਜੁੜੀ ਹੋਈ ਮਿਲੀ ਸੀ। ਤੀਜੀ ਲੱਤ ਕਰਕੇ ਬੱਚੀ ਠੀਕ ਤਰ੍ਹਾਂ ਤੁਰ-ਫਿਰ ਨਹੀਂ ਸਕਦੀ ਸੀ। ਉਸ ਦੀ ਜ਼ਿੰਦਗੀ ਨਰਕ ਬਣੀ ਹੋਈ ਸੀ। ਰੋਜ਼ਾਨਾ ਦੀਆਂ ਕਈ ਕਿਰਿਆਵਾਂ ਵਿਚ ਵੀ ਉਸ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਸੀ। 
ਬੱਚੀ ਨੂੰ ਬੰਗਲਾਦੇਸ਼ ਦੇ ਇਕ ਪਿੰਡ ਤੋਂ ਆਸਟ੍ਰੇਲੀਆ ਦੇ ਮੈਲਬੋਰਨ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ। ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਨ ਤੋਂ ਪਹਿਲਾਂ ਕਈ ਮਹੀਨਿਆਂ ਤੱਕ ਉਸ ਦੀ ਰੂਪ-ਰੇਖਾ ਤਿਆਰ ਕੀਤੀ ਅਤੇ ਸਫਲਤਾਪੂਰਵਕ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਆਸਟ੍ਰੇਲੀਆਈ ਡਾਕਟਰਾਂ ਨੇ ਇਸ ਸੰਬੰਧ ਵਿਚ ਬੰਗਲਾਦੇਸ਼ੀ ਡਾਕਟਰਾਂ ਨਾਲ ਵੀ ਲੰਬੀ ਚਰਚਾ ਕੀਤੀ ਤਾਂ ਜੋ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਡਾਕਟਰੀ ਟੀਮ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੀ ਹੁਣ ਬਿਲਕੁਲ ਠੀਕ ਹੈ ਅਤੇ ਖੇਡ ਰਹੀ ਹੈ।

Kulvinder Mahi

This news is News Editor Kulvinder Mahi