ਕਾਮੇ ਨਾਲ ਠੱਗੀ ਕਰਨ ਵਾਲੇ ਮਾਲਕ ਨੂੰ ਅਦਾਲਤ ਨੇ ਠੋਕਿਆ ਸਾਢੇ 6 ਲੱਖ ਡਾਲਰ ਦਾ ਜੁਰਮਾਨਾ

08/03/2017 4:20:51 PM

ਮੈਲਬੌਰਨ, (ਜੁਗਿੰਦਰ ਸੰਧੂ)— ਇਥੋਂ ਦੀ ਇਕ ਅਦਾਲਤ ਨੇ ਕਰਮਚਾਰੀ ਨਾਲ ਠੱਗੀ ਕਰਨ ਵਾਲੇ ਦੁਕਾਨ ਮਾਲਕ ਨੂੰ ਸਾਢੇ 6 ਲੱਖ ਡਾਲਰ ਦੇ ਕਰੀਬ ਜੁਰਮਾਨਾ ਕੀਤਾ ਹੈ। ਅਦਾਲਤ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਭਵਿੱਖ 'ਚ ਕਿਸੇ ਨੇ ਵੀ ਉਜਰਤ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਇਸ ਤੋਂ ਵੀ ਸਖਤ ਸਜ਼ਾ ਦਿੱਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਇਥੋਂ ਦੇ ਸਨਸ਼ਾਈਨ ਇਲਾਕੇ ਦੀ ਫਰੂਟ ਮਾਰਕੀਟ ਵਿਚ ਇਕ ਫਲਾਂ ਦੀ ਦੁਕਾਨ ਦਾ ਮਾਲਕ ਆਪਣੇ ਕੋਲ ਕੰਮ ਕਰਨ ਵਾਲੇ ਅਫਗਾਨ ਸ਼ਰਨਾਰਥੀ ਨੂੰ ਬਹੁਤ ਘੱਟ ਤਨਖਾਹ ਦਿੰਦਾ ਸੀ। ਇਥੋਂ ਤੱਕ ਕਿ ਕਈ ਹਫਤੇ ਤਾਂ ਉਸ ਨੂੰ ਕੋਈ ਪੈਸਾ ਵੀ ਨਹੀਂ ਦਿੱਤਾ ਗਿਆ। ਇਹ ਸਿਲਸਿਲਾ 2012 ਤੋਂ ਚੱਲਦਾ ਆ ਰਿਹਾ ਸੀ। ਉਕਤ ਕਾਮੇ ਨੂੰ 12 ਘੰਟੇ ਤੱਕ ਕੰਮ ਕਰਨਾ ਪੈਂਦਾ ਸੀ ਅਤੇ ਉਸ ਨੂੰ ਸਾਢੇ 3 ਡਾਲਰ ਤੋਂ 9 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਸੀ। ਕੁਝ ਸਮੇਂ ਲਈ ਤਾਲਿਬ ਨਾਂ ਦਾ ਦੁਕਾਨ ਮਾਲਕ ਕਾਮੇ ਨੂੰ ਉੱਕਾ-ਮੁੱਕਾ 10 ਡਾਲਰ ਪ੍ਰਤੀ ਘੰਟਾ ਦਿੰਦਾ ਰਿਹਾ ਜਦੋਂ ਕਿ ਨਿਯਮਾਂ ਅਨੁਸਾਰ ਇਹ ਭੁਗਤਾਨ ਆਮ ਦਿਨਾਂ 'ਚ 17 ਡਾਲਰ ਅਤੇ ਹਫਤੇ ਦੇ ਆਖਰੀ ਦਿਨਾਂ 'ਚ 38 ਅਤੇ ਜਨਤਕ ਛੁੱਟੀ ਵਾਲੇ ਦਿਨ 43 ਡਾਲਰ ਪ੍ਰਤੀ ਘੰਟਾ ਬਣਦਾ ਸੀ। ਅਦਾਲਤ ਨੇ ਤਾਲਿਬ ਨੂੰ ਨਿਜੀ ਤੌਰ 'ਤੇ 16,000 ਡਾਲਰ ਅਤੇ ਉਸ ਦੀ ਕੰਪਨੀ ਨੂੰ 6,44,000 ਡਾਲਰਾਂ ਦਾ ਜੁਰਮਾਨਾ ਕੀਤਾ। ਇਸ ਵਿਚੋਂ ਕਾਮੇ ਨੂੰ ਵੀ ਬਣਦੀ ਉਜਰਤ ਦਿੱਤੀ ਜਾਵੇਗੀ।