ਸੁਨਕ ਨੇ ਪਤਨੀ ਦੀ ਇਨਫੋਸਿਸ ਜਾਇਦਾਦ ਦੇ ਮੁੱਦੇ ''ਤੇ ਕੀਤਾ ਜਵਾਬੀ ਹਮਲਾ

07/18/2022 6:04:39 PM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਮੋਹਰੀ ਰਿਸ਼ੀ ਸੁਨਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਭਾਰਤੀ ਸੱਸ-ਸਹੁਰੇ ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਅਤੇ ਸੁਧਾ ਮੂਰਤੀ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਉਹਨਾਂ ਨੇ ਆਪਣੀ ਪਤਨੀ ਅਕਸ਼ਤਾ ਦੀ ਪਰਿਵਾਰਕ ਜਾਇਦਾਦ ਬਾਰੇ ਮੀਡੀਆ ਦੇ ਇੱਕ ਹਿੱਸੇ ਵਿੱਚ ਕੀਤੀਆਂ ਜਾ ਰਹੀਆਂ ਟਿੱਪਣੀਆਂ 'ਤੇ ਪਲਟਵਾਰ ਕੀਤਾ। ਟੈਲੀਵਿਜ਼ਨ 'ਤੇ ਇੱਕ ਤਿੱਖੀ ਬਹਿਸ ਦੌਰਾਨ ਯੂਕੇ ਵਿੱਚ ਜਨਮੇ 42 ਸਾਲਾ ਸਾਬਕਾ ਵਿੱਤ ਮੰਤਰੀ ਨੂੰ ਉਹਨਾਂ ਦੀ ਪਤਨੀ ਦੇ ਟੈਕਸ ਮਾਮਲਿਆਂ ਬਾਰੇ ਪੁੱਛਿਆ ਗਿਆ, ਜੋ ਇਸ ਸਾਲ ਦੇ ਸ਼ੁਰੂ ਵਿੱਚ ਸੁਰਖੀਆਂ ਵਿੱਚ ਆਏ ਸਨ। ਅਕਸ਼ਤਾ ਨੇ ਉਸ ਸਮੇਂ ਆਪਣੀ ਮਰਜ਼ੀ ਨਾਲ ਇੰਫੋਸਿਸ ਭਾਈਵਾਲੀ ਤੋਂ ਆਪਣੀ ਭਾਰਤੀ ਆਮਦਨ 'ਤੇ ਯੂਕੇ ਵਿੱਚ ਟੈਕਸ ਦਾ ਭੁਗਤਾਨ ਕਰਨ ਲਈ ਆਪਣੀ ਕਾਨੂੰਨੀ ਗੈਰ-ਨਿਵਾਸੀ ਸਥਿਤੀ ਨੂੰ ਤਿਆਗ ਦਿੱਤਾ ਸੀ। 

ਸੁਨਕ ਨੂੰ ਆਪਣੇ ਯੂਐਸ ਗ੍ਰੀਨ ਕਾਰਡ ਦੀ ਸਥਿਤੀ ਬਾਰੇ ਵੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਕਥਿਤ ਤੌਰ 'ਤੇ ਚਾਂਸਲਰ ਵਜੋਂ ਨਿਯੁਕਤੀ ਦਿੱਤੇ ਜਾਣ ਤੋਂ ਕਈ ਮਹੀਨਿਆਂ ਬਾਅਦ ਛੱਡ ਦਿੱਤਾ ਗਿਆ ਸੀ।ਉਹਨਾਂ ਨੇ ਐਤਵਾਰ ਰਾਤ ਆਈਟੀਵੀ ਚੈਨਲ 'ਤੇ ਬਹਿਸ ਦੌਰਾਨ ਕਿਹਾ ਕਿ ਮੈਂ ਹਮੇਸ਼ਾ ਆਮ ਤੌਰ 'ਤੇ ਯੂਕੇ ਦਾ ਟੈਕਸਦਾਤਾ ਰਿਹਾ ਹਾਂ; ਮੇਰੀ ਪਤਨੀ ਕਿਸੇ ਹੋਰ ਦੇਸ਼ ਤੋਂ ਹੈ, ਇਸ ਲਈ ਉਸ ਨਾਲ ਵੱਖਰਾ ਵਿਵਹਾਰ ਕੀਤਾ ਜਾਂਦਾ ਹੈ, ਪਰ ਇਹ ਮੁੱਦਾ ਹੱਲ ਹੋ ਗਿਆ ਹੈ। ਸੁਨਕ ਨੇ ਕਿਹਾ ਕਿ ਮੇਰੇ ਕੋਲ ਪਤਨੀ ਦੀ ਪਰਿਵਾਰਕ ਜਾਇਦਾਦ ਬਾਰੇ ਇੱਕ ਟਿੱਪਣੀ ਹੈ। ਇਸ ਲਈ ਮੈਨੂੰ ਇਸ ਬਾਰੇ ਗੱਲ ਕਰਨ ਦਿਓ... ਮੇਰੀ ਸੱਸ ਨੇ ਜੋ ਕੁਝ ਹਾਸਲ ਕੀਤਾ ਹੈ, ਉਸ 'ਤੇ ਮੈਨੂੰ ਬਹੁਤ ਮਾਣ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਚੋਣਾਂ : ਕੰਜ਼ਰਵੇਟਿਵ ਪਾਰਟੀ ਦੇ ਸਰਵੇ 'ਚ ਸੁਨਕ ਚੌਥੇ ਨੰਬਰ 'ਤੇ ਖਿਸਕੇ, ਅੱਗੇ ਨਿਕਲੀ ਇਹ ਮਹਿਲਾ

ਉਹਨਾਂ ਨੇ ਅੱਗੇ ਕਿਹਾ ਕਿ ਮੇਰੇ ਸਹੁਰੇ ਕੋਲ ਕੁਝ ਵੀ ਨਹੀਂ ਸੀ, ਸਿਰਫ਼ ਇੱਕ ਸੁਪਨਾ ਅਤੇ ਕੁਝ ਸੌ ਪੌਂਡ ਜੋ ਮੇਰੀ ਸੱਸ ਦੀ ਬੱਚਤ ਨੇ ਉਸਨੂੰ ਪ੍ਰਦਾਨ ਕੀਤੇ ਸਨ ਅਤੇ ਇਸਦੇ ਨਾਲ ਉਹਨਾਂ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ, ਸਭ ਤੋਂ ਵੱਕਾਰੀ, ਸਭ ਤੋਂ ਸਫਲ ਕੰਪਨੀਆਂ ਵਿੱਚੋਂ ਇੱਕ ਦਾ ਨਿਰਮਾਣ ਕੀਤਾ ਜੋ ਇੱਥੇ ਬ੍ਰਿਟੇਨ ਵਿਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ। ਸੁਨਕ ਨੇ ਕਿਹਾ ਕਿ ਇਹ ਇੱਕ ਅਜਿਹੀ ਕਹਾਣੀ ਹੈ ਜਿਸ 'ਤੇ ਮੈਨੂੰ ਸੱਚਮੁੱਚ ਮਾਣ ਹੈ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਇੱਥੇ ਉਸ ਵਰਗੀਆਂ ਹੋਰ ਕਹਾਣੀਆਂ ਬਣਾ ਸਕੀਏ। ਬੋਰਿਸ ਜਾਨਸਨ ਦੀ ਥਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਬਾਕੀ ਪੰਜ ਦਾਅਵੇਦਾਰਾਂ ਵਿਚਾਲੇ ਇਹ ਬਹਿਸ ਹੋਈ। 

Vandana

This news is Content Editor Vandana