ਰੂਸ ''ਚ ਸੂਰਜ ਨਿਕਲਣ ਦੇ ਬਾਵਜੂਦ ਛਾਇਆ ਰਿਹਾ ਹਨੇਰਾ

08/14/2019 10:16:38 AM

ਮਾਸਕੋ— ਰੂਸ 'ਚ ਇਕ ਵੱਖਰੀ ਰਹੱਸਮਈ ਘਟਨਾ ਨੂੰ ਲੈ ਕੇ ਦੁਨੀਆ ਭਰ 'ਚ ਚਰਚਾ ਹੋ ਰਹੀ ਹੈ। ਇੱਥੇ ਬੀਤੇ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤਕ ਸੂਰਜ ਦੀ ਰੌਸ਼ਨੀ ਹੀ ਨਹੀਂ ਦਿਖਾਈ ਦਿੱਤੀ, ਜਦਕਿ ਇੱਥੇ ਸਵੇਰੇ-ਸਵੇਰੇ ਹੀ ਸੂਰਜ ਚੜ੍ਹ ਚੁੱਕਾ ਸੀ। ਸਾਈਬੇਰੀਆ ਦੇ ਵੇਰਖੋਇਸਕ ਖੇਤਰ ਦੇ ਨਿਵਾਸੀਆਂ ਨੂੰ ਕਈ ਘੰਟਿਆਂ ਤਕ ਹਨੇਰੇ 'ਚ ਰਹਿਣਾ ਪਿਆ ਅਤੇ ਤਾਪਮਾਨ ਵੀ ਡਿੱਗਿਆ ਰਿਹਾ।
ਸਾਈਬੇਰੀਅਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਉਪ ਆਰਕਟਿਕ ਖੇਤਰ ਦੇ ਸਥਾਨਕ ਲੋਕਾਂ ਨੇ ਕਿਹਾ ਕਿ ਹਨੇਰੇ 'ਚ ਇਕ ਪੀਲੇ ਰੰਗ ਦਾ ਟੋਨ ਦਿਖਾਈ ਦੇ ਰਿਹਾ ਸੀ। ਇਸ ਕਾਰਨ ਇਹ ਮਾਮਲਾ ਅਸਲ 'ਚ ਰਹੱਸਮਈ ਹੋ ਗਿਆ ਹੈ। ਵੇਰਖੋਇਸਕ ਸ਼ਹਿਰ ਦੇ ਇਕ ਨਿਵਾਸੀ ਨੇ ਕਿਹਾ,''ਇਹ ਇਕ ਅਜੀਬ ਰਿਵਾਜ ਬਣ ਰਿਹਾ ਹੈ ਕਿ ਹਰ ਸਾਲ ਜੁਲਾਈ ਜਾਂ ਅਗਸਤ 'ਚ ਅਸੀਂ ਜਾਗਦੇ ਹਾਂ ਤੇ ਘਬਰਾਉਂਦੇ ਹਾਂ ਕਿ ਕੀ ਅੱਜ ਵੀ ਸੂਰਜ ਨਹੀਂ ਨਿਕਲੇਗਾ?

ਹਾਲਾਂਕਿ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਭਾਰੀ ਮੀਂਹ ਵਾਲੇ ਬੱਦਲਾਂ ਨਾਲ ਜੰਗਲ 'ਚ ਲੱਗੀ ਅੱਗ ਦੇ ਧੂੰਏਂ ਦੇ ਮਿਲਣ ਕਾਰਨ ਅਜਿਹਾ ਹੋਇਆ ਹੋਵੇਗਾ। ਪ੍ਰਭਾਵਿਤ ਖੇਤਰਾਂ 'ਚੋਂ ਇਕ ਓਇਮਾਕਾਨ ਹੈ ਜਿਸ ਨੂੰ 'ਪੋਲ ਆਫ ਕੋਲਡ' ਦੇ ਰੂਪ 'ਚ ਜਾਣਿਆ ਜਾਂਦਾ ਹੈ ਕਿਉਂਕਿ ਇਹ ਧਰਤੀ ਸਭ ਤੋਂ ਠੰਡਾ ਇਲਾਕਾ ਹੈ। ਇੱਥੇ ਸਰਦੀਆਂ ਦਾ ਤਾਪਮਾਨ -60 ਡਿਗਰੀ ਸੈਲਸੀਅਸ ਤਕ ਡਿੱਗ ਜਾਂਦਾ ਹੈ ਪਰ ਪਿਛਲੇ ਮਹੀਨੇ ਇਹ ਖੇਤਰ 32 ਡਿਗਰੀ ਸੈਲਸੀਅਸ ਦੀ ਗਰਮੀ ਨਾਲ ਝੁਲਸ ਰਿਹਾ ਸੀ।