ਕਾਬੁਲ 'ਚ ਆਤਮਘਾਤੀ ਬੰਬ ਧਮਾਕਾ, 31 ਦੀ ਮੌਤ

04/22/2018 3:58:13 PM

ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦਸ਼ਤ-ਏ-ਬਰਚੀ ਖੇਤਰ ਵਿਚ ਐਤਵਾਰ ਨੂੰ ਵੋਟਰ ਅਤੇ ਪਛਾਣ ਪੱਤਰ ਰਜਿਸਟਰੇਸ਼ਨ ਕੇਂਦਰ ਦੇ ਬਾਹਰ ਆਤਮਘਾਤੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ 31 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਦੇ ਬਾਹਰ ਇਕੱਠੇ ਹੋਏ ਲੋਕਾਂ ਦਰਮਿਆਨ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਕਾਰਨ 31 ਲੋਕ ਮਾਰੇ ਗਏ ਅਤੇ 54 ਹੋਰ ਜ਼ਖਮੀ ਹੋ ਗਏ। ਇਸ ਆਤਮਘਾਤੀ ਬੰਬ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਲਈ ਹੈ।
ਕਾਬੁਲ ਪੁਲਸ ਦੇ ਮੁਖੀ ਅਬਦੁੱਲ ਰਹਿਮਾਨ ਨੇ ਕਿਹਾ, ''ਧਮਾਕਾ ਕੇਂਦਰ ਦੇ ਮੇਨ ਗੇਟ 'ਤੇ ਹੋਇਆ। ਇਹ ਇਕ ਆਤਮਘਾਤੀ ਹਮਲਾ ਸੀ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਮਿਲੀ ਹੈ। ਲੋਕ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ 4 ਲਾਸ਼ਾਂ ਅਤੇ 15 ਜ਼ਖਮੀਆਂ ਦੀ ਸੂਚਨਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਅਫਗਾਨਿਸਤਾਨ ਵਿਚ ਲੰਬੇ ਸਮੇਂ ਤੋਂ ਪੈਂਡਿੰਗ ਸੰਸਦੀ ਚੋਣਾਂ ਲਈ ਵੋਟਰ ਕੇਂਦਰ ਸਥਾਪਤ ਕੀਤੇ ਗਏ ਸਨ। ਇਨ੍ਹਾਂ ਵੋਟਰ ਕੇਂਦਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਖਤਰਾ ਮੰਡਰਾ ਰਿਹਾ ਸੀ।