ਇਹ ਭਾਰਤੀ ਬਣ ਸਕਦੈ ''ਵਾਰੇਨ ਬਫੇ'' ਦਾ ਉਤਰਾਧਿਕਾਰੀ

01/11/2018 4:56:37 PM

ਵਾਸ਼ਿੰਗਟਨ (ਬਿਊਰੋ)— ਬਰਕਸ਼ਾਇਰ ਹਾਥਵੇ ਇੰਕ ਨੇ ਬੁੱਧਵਾਰ ਨੂੰ ਆਪਣੇ ਦੋ ਸੀਨੀਅਰ ਅਧਿਕਾਰੀਆਂ ਗ੍ਰੇਗਰੀ ਅਬੇਲ ਅਤੇ ਅਜੀਤ ਜੈਨ ਦੀ ਤਰੱਕੀ ਕੀਤੀ। ਹੁਣ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਅਤੇ ਚੋਟੀ ਦੇ ਅਮੀਰਾਂ ਵਿਚ ਸ਼ਾਮਲ ਵਾਰੇਨ ਬਫੇ ਦੀ ਕੰਪਨੀ ਬਰਕਸ਼ਾਇਰ ਹੈਥਵੇ ਇੰਕ ਦੀ ਕਮਾਨ ਇਕ ਭਾਰਤੀ ਸੰਭਾਲ ਸਕਦਾ ਹੈ। ਭਾਰਤੀ ਮੂਲ ਦੇ ਅਜੀਤ ਜੈਨ ਬਫੇ ਦੇ ਉਤਰਾਧਿਕਾਰੀ ਦੀ ਦੌੜ ਵਿਚ ਸਭ ਤੋਂ ਅੱਗੇ ਹਨ। ਹਾਲਾਂਕਿ ਬਫੇ ਨੇ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਜੈਨ ਦੀ ਤਰੱਕੀ ਕੀਤੇ ਜਾਣ ਮਗਰੋਂ ਉਹ ਉਸ ਦੌੜ ਵਿਚ ਸਭ ਤੋਂ ਅੱਗੇ ਹਨ।
ਜਨਮ ਅਤੇ ਸਿੱਖਿਆ
66 ਸਾਲਾ ਜੈਨ ਨੂੰ ਬੁੱਧਵਾਰ ਨੂੰ ਬਰਕਸ਼ਾਇਰ ਹੈਥਵੇ ਇੰਕ ਇਨਸ਼ੋਰੈਂਸ ਆਪਰੇਸ਼ਨਸ ਦਾ ਉਪ ਚੈਅਰਮੈਨ ਬਣਾ ਕੇ ਬੋਰਡ ਵਿਚ ਜਗ੍ਹਾ ਦਿੱਤੀ ਗਈ। ਨਿਊਯਾਰਕ ਵਿਚ ਰਹਿਣ ਵਾਲੇ ਅਜੀਤ ਜੈਨ ਦਾ ਜਨਮ ਸਾਲ 1951 ਵਿਚ ਓਡੀਸ਼ਾ ਵਿਚ ਹੋਇਆ ਸੀ। ਸਾਲ 1972 ਵਿਚ ਉਨ੍ਹਾਂ ਨੇ ਆਈ. ਆਈ. ਟੀ. ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਬੀ. ਟੈਕ ਦੀ ਡਿਗਰੀ ਹਾਸਲ ਕੀਤੀ। ਸਾਲ 1978 ਵਿਚ ਅਮਰੀਕਾ ਦੀ ਹਾਰਵਡ ਯੂਨੀਵਰਸਿਟੀ ਤੋਂ ਐੱਸ. ਬੀ. ਏ. ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਪੂਰੀ ਕਰਨ ਮਗਰੋਂ ਜੈਨ ਸਾਲ 1973-76 ਵਿਚਕਾਰ ਆਈ. ਬੀ. ਐੱਮ. ਵਿਚ ਸੈਲਸਮੈਨ ਵੀ ਰਹੇ। ਸੈਲਸਮੈਨ ਦੇ ਰੂਪ ਵਿਚ ਕਰੀਅਰ ਦੀ ਸ਼ੁਰੂਆਤ ਕਰਨ ਜੈਨ ਅੱਜ ਦੀ ਤਰੀਕ ਵਿਚ ਕਰੀਬ 12,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪੱਤੀ ਦੇ ਮਾਲਕ ਹਨ।
ਜੈਨ ਨੇ ਬਫੇ ਨੂੰ ਕੀਤਾ ਮਾਲਾਮਾਲ
ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਅਤੇ ਉੱਚ ਅਮੀਰਾਂ ਵਿਚ ਸ਼ਾਮਲ ਬਫੇ ਕਈ ਵਾਰੀ ਇਹ ਗੱਲ ਦੁਹਰਾ ਚੁੱਕੇ ਹਨ ਕਿ ਜੈਨ ਕਾਰਨ ਉਨ੍ਹਾਂ ਨੇ ਅਰਬਾਂ ਡਾਲਰ ਦੀ ਕਮਾਈ ਕੀਤੀ। ਸਾਲ 2015 ਵਿਚ ਨਿਵੇਸ਼ਕਾਂ ਦੇ ਨਾਂ ਪੱਤਰ ਵਿਚ ਵੀ ਬਫੇ ਨੇ ਜੈਨ ਦੀ ਬਹੁਤ ਤਰੀਫ ਕੀਤੀ ਸੀ।
ਅਬੇਲ ਨਾਲ ਹੋਵੇਗਾ ਸਖਤ ਮੁਕਾਬਲਾ
ਬਰਕਸ਼ਾਇਰ ਹੈਥਵੇ ਐਨਰਜੀ ਦੀ ਮੁੱਖ ਕਾਰਜਕਾਰੀ 55 ਸਾਲਾ ਅਬੇਲ ਨੂੰ ਗੈਰ ਬੀਮਾ ਕਾਰੋਬਾਰ ਆਪਰੇਸ਼ਨਸ ਲਈ ਬਰਕਸ਼ਾਇਰ ਦਾ ਉਪ ਚੈਅਰਮੈਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਵੀ ਜਾਨ ਨਾਲ ਬੋਰਡ ਵਿਚ ਜਗ੍ਹਾ ਦਿੱਤੀ ਗਈ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਫੇ ਦੀ ਉਤਰਾਧਿਕਾਰੀ ਦੀ ਦੌੜ ਵਿਚ ਜੈਨ ਨੂੰ ਅਬੇਲ ਤੋਂ ਸਖਤ ਟਕੱਰ ਮਿਲੇਗੀ।