ਰਿਸਰਚ ਦਾ ਦਾਅਵਾ, ਫੇਸਬੁੱਕ ਤੋਂ ਬਣਾ ਲਓ ਦੂਰੀ ਤਾਂ ਰਹੋਗੇ ਖੁਸ਼

04/10/2018 1:22:36 PM

ਬ੍ਰਿਸਬੇਨ— ਸ਼ੋਸ਼ਲ ਮੀਡੀਆ ਅੱਜ ਹਰ ਇਕ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਹੈ। ਜਿਨ੍ਹਾਂ 'ਚੋਂ ਇਕ ਹੈ ਫੇਸਬੁੱਕ, ਜਿਸ ਤੋਂ ਬਿਨਾਂ ਕੋਈ ਨਹੀਂ ਰਹਿਣਾ ਚਾਹੇਗਾ ਪਰ ਜੇਕਰ ਤੁਸੀਂ ਤਣਾਅ ਮੁਕਤ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਤਾਂ ਇਸ ਤੋਂ ਦੂਰੀ ਬਣਾ ਲਓ। ਇਕ ਰਿਸਰਚ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਯੂਨੀਵਰਸਿਟੀ ਆਫ ਕੁਈਨਜ਼ਲੈਂਡ 'ਚ ਹੋਈ ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਫੇਸਬੁੱਕ ਯੂਜ਼ ਕਰਨਾ ਛੱਡ ਦਿੰਦੇ ਹੋ ਤਾਂ ਜ਼ਿੰਦਗੀ ਤਣਾਅ ਤੋਂ ਮੁਕਤ ਹੋ ਸਕਦੀ ਹੈ।
ਯੂਨੀਵਰਸਿਟੀ ਨੇ ਇਸ ਰਿਸਰਚ 'ਚ 138 ਲੋਕਾਂ ਨੂੰ ਸ਼ਾਮਲ ਕੀਤਾ। ਇਨ੍ਹਾਂ ਲੋਕਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ। ਇਕ ਗਰੁੱਪ ਨੂੰ 5 ਦਿਨਾਂ ਤੱਕ ਫੇਸਬੁੱਕ ਤੋਂ ਦੂਰ ਰੱਖਿਆ ਗਿਆ। ਉੱਥੇ ਹੀ ਦੂਜੇ ਗਰੁੱਪ ਨੂੰ ਫੇਸਬੁੱਕ ਦੀ ਵਰਤੋਂ ਕਰਨ ਲਈ ਕਿਹਾ ਗਿਆ। 5 ਦਿਨਾਂ ਬਾਅਦ ਜਦੋਂ ਨਤੀਜੇ ਦੇਖੇ ਗਏ ਤਾਂ ਜਿਸ ਗਰੁੱਪ ਨੇ ਫੇਸਬੁੱਕ ਦੀ ਵਰਤੋਂ ਨਹੀਂ ਕੀਤੀ ਸੀ, ਉਨ੍ਹਾਂ 'ਚ ਸਟਰੈੱਸ ਹਾਰਮੋਨ ਕੋਰਟੀਸੌਲ ਪੱਧਰ 'ਚ ਗਿਰਾਵਟ ਦੇਖੀ ਗਈ। ਇਹ ਵੀ ਪਤਾ ਲੱਗਾ ਹੈ ਕਿ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਦਾ ਦਿਮਾਗ ਕਮਜ਼ੋਰ ਹੁੰਦਾ ਹੈ। ਇਸ ਦਾ ਅਸਰ ਵਜ਼ਨ 'ਤੇ ਵੀ ਪੈਂਦਾ ਹੈ। ਵਜ਼ਨ ਵਧਦਾ ਹੈ ਅਤੇ ਮਨ ਦੁਖੀ ਰਹਿੰਦਾ ਹੈ।
ਇਸ ਰਿਸਰਚ 'ਚ ਕਿਹਾ ਗਿਆ ਕਿ ਸਿਰਫ ਫੇਸਬੁੱਕ ਹੀ ਨਹੀਂ ਹੋਰ ਸ਼ੋਸ਼ਲ ਮੀਡੀਆ ਜਿਵੇਂ ਵਟਸ ਐਪ, ਟਵਿੱਟਰ, ਇੰਸਟਾਗ੍ਰਾਮ ਤੋਂ ਵੀ ਦੂਰ ਰਹਿ ਕੇ ਤਣਾਅ ਦਾ ਪੱਧਰ ਘੱਟ ਕੀਤਾ ਜਾ ਸਕਦਾ ਹੈ। ਸ਼ੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਰਹਿ ਸਕਦੇ ਹਨ।