ਬੱਚੇ ਨਹੀਂ ਬਲਕਿ ਪਤੀ ਦਿੰਦੇ ਹਨ ਔਰਤਾਂ ਨੂੰ ਵਧੇਰੇ ਟੈਨਸ਼ਨ

01/28/2020 7:52:45 PM

ਲੰਡਨ- ਅੱਜ-ਕੱਲ ਦੀ ਭੱਜਦੌੜ ਭਰੀ ਜ਼ਿੰਦਗੀ ਵਿਚ ਲੋਕਾਂ ਦੇ ਜੀਵਨ ਵਿਚ ਤਣਾਅ ਬਹੁਤ ਵਧ ਗਿਆ ਹੈ, ਖਾਸਕਰਕੇ ਔਰਤਾਂ ਦੇ ਜੀਵਨ ਵਿਚ। ਜੇਕਰ ਔਰਤਾਂ ਕੰਮਕਾਜੀ ਨਹੀਂ ਵੀ ਹਨ ਤਾਂ ਵੀ ਘਰ ਦੇ ਕੰਮ ਤੇ ਬੱਚਿਆਂ ਨੂੰ ਸੰਭਾਲਣ ਵਿਚ ਮਲਟੀਟਾਸਕਿੰਗ ਕਰਨ ਨਾਲ ਉਹਨਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਜੇਕਰ ਉਹਨਾਂ ਨੂੰ ਇਕ ਸਪੋਰਟ ਸਿਸਟਮ ਮਿਲ ਜਾਵੇ ਤੇ ਉਹਨਾਂ ਦੇ ਪਤੀ ਬੱਚਿਆਂ ਨੂੰ ਸੰਭਾਲਣ ਦੀਆਂ ਕੁਝ ਜ਼ਿੰਮੇਦਾਰੀਆਂ ਚੁੱਕ ਲੈਣ ਤਾਂ ਔਰਤਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਪਰ ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕਈ ਔਰਤਾਂ ਦਾ ਮੰਨਣਾ ਹੈ ਕਿ ਬੱਚਿਆਂ ਦੀ ਤੁਲਨਾ ਵਿਚ ਉਹਨਾਂ ਦੇ ਪਤੀ ਜ਼ਿਆਦਾ ਤਣਾਅ ਪੈਦਾ ਕਰਦੇ ਹਨ। ਟੂਡੇ ਵਲੋਂ 7 ਹਜ਼ਾਰ ਔਰਤਾਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਕਿ ਔਰਤਾਂ ਨੇ ਆਪਣੇ ਤਣਾਅ ਦੇ ਪੱਧਰ 10 ਵਿਚੋਂ ਔਸਤਨ 8.5 ਅੰਕ ਦਿੱਤੇ ਸਨ। ਉਹਨਾਂ ਵਿਚੋਂ 46 ਫੀਸਦੀ ਨੇ ਕਿਹਾ ਕਿ ਇਸ ਤਣਾਅ ਦੇ ਲਈ ਉਹਨਾਂ ਦੇ ਬੱਚਿਆਂ ਤੋਂ ਜ਼ਿਆਦਾ ਉਹਨਾਂ ਦੇ ਪਤੀ ਦੋਸ਼ੀ ਸਨ।

ਸਰਵੇ ਮੁਤਾਬਕ ਕਈ ਔਰਤਾਂ ਨੇ ਕਿਹਾ ਕਿ ਉਹਨਾਂ ਦਾ ਪਾਰਟਨਰ ਇਕ 'ਵੱਡਾ ਬੱਚਾ' ਹੈ। ਲਿਹਾਜ਼ਾ ਉਹਨਾਂ 'ਤੇ ਜ਼ਿਆਦਾ ਨਜ਼ਰ ਰੱਖਣੀ ਪੈਂਦੀ ਹੈ ਤੇ ਇਸੇ ਕਾਰਨ ਉਹਨਾਂ ਨੂੰ ਜ਼ਿਆਦਾ ਤਣਾਅ ਹੁੰਦਾ ਹੈ। ਔਰਤਾਂ ਨੇ ਕਿਹਾ ਕਿ ਉਹ ਆਪਣੇ ਪਾਰਟਨਰ ਨੂੰ ਅਜਿਹਾ ਨਹੀਂ ਮੰਨਦੀਆਂ ਕਿ ਉਹ ਉਹਨਾਂ ਦਾ ਕੰਮ ਵੰਡਾ ਸਕਣ। ਕਈ ਔਰਤਾਂ ਨੂੰ ਇਹ ਵੀ ਲੱਗਦਾ ਹੈ ਕਿ ਉਹ ਵਿਆਹ ਤੋਂ ਬਾਅਦ ਜਿਸ ਤਣਾਅ ਦਾ ਸਾਹਮਣਾ ਕਰਦੀਆਂ ਹਨ ਉਹ ਪਿਤਾ ਦੇ ਤਣਾਅ ਤੋਂ ਬਹੁਤ ਵੱਖਰਾ ਹੈ। ਜ਼ਿਆਦਾਤਰ ਔਰਤਾਂ ਨੂੰ ਇਹ ਵੀ ਲੱਗਦਾ ਹੈ ਕਿ ਘਰ ਦੀ ਜ਼ਿੰਮੇਦਾਰੀ ਦਾ ਜ਼ਿਆਦਾਤਰ ਹਿੱਸਾ, ਜਿਵੇਂ ਬੱਚਿਆਂ ਦੀ ਦੇਖਭਾਲ ਕਰਨਾ ਰੋਜ਼ਾਨਾ ਉਹਨਾਂ ਨੂੰ ਹੀ ਕਰਨਾ ਪੈਂਦਾ ਹੈ। 

ਇਸ ਤੋਂ ਇਲਾਵਾ ਇਹ ਵੀ ਸੱਚ ਹੈ ਕਿ ਕਈ ਪੁਰਸ਼ ਸਰਗਰਮ ਤਰੀਕੇ ਨਾਲ ਘਰ ਦੇ ਕੰਮ ਵਿਚ ਵੱਡੀ ਭੂਮਿਕਾ ਨਿਭਾ ਰਹੇ ਹਨ ਤਾਂਕਿ ਉਹ ਆਪਣੇ ਸਾਥੀ ਨੂੰ ਆਰਾਮ ਦੇ ਸਕਣ ਤੇ ਉਹਨਾਂ ਨੂੰ ਖੁਦ ਲਈ ਸਮਾਂ ਕੱਢਣ ਵਿਚ ਮਦਦ ਕਰ ਸਕਣ। ਪਰ ਅਜੇ ਇਸ ਮਾਮਲੇ ਵਿਚ ਬਹੁਤ ਕੁਝ ਕਰਨ ਦੀ ਲੋੜ ਹੈ ਤਾਂਕਿ ਮਹਿਲਾਵਾਂ ਨੂੰ ਥੋੜਾ ਘੱਟ ਤਣਾਅ ਮਹਿਸੂਸ ਹੋਵੇ। ਹਾਲਾਂਕਿ ਇਕ ਵੱਖਰੇ ਸਰਵੇ ਤੋਂ ਪਤਾ ਲੱਗਿਆ ਕਿ 1500 ਪੁਰਸ਼ਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਬੱਚੇ ਦੀ ਪਰਵਰਿਸ਼ ਵਿਚ ਜ਼ਿਆਦਾ ਮਦਦ ਕਰ ਰਹੇ ਹਨ ਤੇ ਇਸ ਦੇ ਲਈ ਉਹਨਾਂ ਨੂੰ ਲੋੜੀਂਦਾ ਸਿਹਰਾ ਨਹੀਂ ਮਿਲ ਰਿਹਾ।

Baljit Singh

This news is Content Editor Baljit Singh