ਅਮਰੀਕਾ : ਅਚਾਨਕ ਆਏ ਤੂਫਾਨ ਕਾਰਨ ਸਕੂਲ 'ਚ ਮਚਿਆ ਹੜਕੰਪ, 3 ਵਿਦਿਆਰਥੀ ਜ਼ਖਮੀ

01/16/2020 12:31:14 PM

ਵਾਸ਼ਿੰਗਟਨ— ਬੀਤੇ ਦਿਨੀਂ ਅਮਰੀਕਾ 'ਚ ਮੌਸਮ ਬੇਹੱਦ ਖਰਾਬ ਰਿਹਾ ਤੇ ਤੂਫਾਨ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਦੋ ਦਿਨ ਪਹਿਲਾਂ ਇਸ ਦੇ ਸੂਬੇ ਉੱਤਰੀ ਕੈਰੋਲੀਨਾ ਦੇ ਸ਼ਹਿਰ ਕਲਿੰਟਨ 'ਚ ਤੂਫਾਨ ਕਾਰਨ ਇਕ ਸਕੂਲ ਨੂੰ ਕਾਫੀ ਨੁਕਸਾਨ ਪੁੱਜਾ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਕਲਿੰਟਨ ਦੇ ਯੂਨੀਅਨ ਇੰਟਰਮੀਡੀਏਟ ਸਕੂਲ ਦੀ ਜਿੰਮ 'ਚ ਵਿਦਿਆਰਥੀ ਖੜ੍ਹੇ ਸਨ ਕਿ ਦੁਪਹਿਰ 2 ਕੁ ਵਜੇ ਅਚਾਨਕ ਤੇਜ਼ ਤੂਫਾਨ ਆਇਆ ਤੇ ਇਸ ਤੋਂ ਬਚਣ ਲਈ ਬੱਚੇ ਦੌੜਨ ਲੱਗੇ। ਜਿੰਮ ਦੇ ਅੰਦਰ ਬਹੁਤ ਸਾਰਾ ਕੂੜਾ ਇਕੱਠਾ ਹੋ ਗਿਆ ਤੇ ਡਿੱਗੀ ਹੋਈ ਛੱਤ ਦਾ ਮਲਬਾ ਵੀ ਤੇਜ਼ ਹਵਾ 'ਚ ਉੱਡਦਾ ਨਜ਼ਰ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਬਹੁਤਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਵਿਦਿਆਰਥੀ ਕਾਫੀ ਡਰ ਗਏ ਸਨ।

 

ਸਕੂਲ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਦੇ ਨੁਕਸਾਨ ਨੂੰ ਉਹ ਭਰ ਲੈਣਗੇ ਤੇ ਮੁੜ ਬਣਵਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਸ਼ੁਕਰ ਕਰਦੇ ਹਨ ਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਵਿਦਿਆਰਥੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ। ਇਸ ਕਾਰਨ ਅਗਲੇ ਦਿਨ ਸਕੂਲ ਨੂੰ ਸਾਫ-ਸਫਾਈ ਲਈ ਬੰਦ ਰੱਖਿਆ ਗਿਆ।