ਟਰੂਡੋ ਵੱਲੋਂ ਨਵੀਂ ਸਕੀਮ ਲਾਂਚ, 5000 ਡਾਲਰ ਕਮਾ ਸਕਣਗੇ ਵਿਦਿਆਰਥੀ

06/25/2020 11:38:43 PM

ਓਟਾਵਾ : ਫੈਡਰਲ ਸਰਕਾਰ ਨੇ ਅੱਜ ਇਕ ਨਵੀਂ ਸਕੀਮ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕੋਵਿਡ-19 ਖਿਲਾਫ ਲੜਾਈ ਵਿਚ ਸਵੈ-ਸੇਵਕ ਬਣਨ ਲਈ ਉਤਸ਼ਾਹਤ ਕਰਨਾ ਹੈ। ਇਸ ਸਕੀਮ ਤਹਿਤ ਸੈਕੰਡਰੀ ਤੋਂ ਬਾਅਦ ਦੇ ਵਿਦਿਆਰਥੀ ਇਨ੍ਹਾਂ ਗਰਮੀਆਂ ਵਿਚ 5,000 ਡਾਲਰ ਤੱਕ ਕਮਾਉਣ ਦਾ ਫਾਇਦਾ ਉਠਾ ਸਕਦੇ ਹਨ।

ਇਹ ਗ੍ਰਾਂਟ ਸਕੀਮ ਕਈ ਸਵੈ-ਸੇਵਕ ਕੰਮਾਂ ਲਈ ਲਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚ ਮਾਸਕ ਬਣਾਉਣ, ਟਿਊਸ਼ਨਿੰਗ, ਜਾਨਵਰਾਂ ਦੇ ਵਿਵਹਾਰ 'ਤੇ ਰਿਸਰਚ ਕਰਨਾ ਅਤੇ ਬਜ਼ੁਰਗਾਂ ਲਈ ਕਸਰਤ ਦੇ ਪ੍ਰੋਗਰਾਮ ਡਿਜ਼ਾਇਨ ਕਰਨਾ ਸ਼ਾਮਲ ਹੈ।

ਕੀ ਬੋਲੇ ਟਰੂਡੋ-
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਵਿਚ ਇਕ ਨਿਊਜ਼ ਕਾਨਫਰੰਸ ਵਿਚ ਕਿਹਾ, “ਕੋਵਿਡ-19 ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਇਸ ਵਾਰ ਦੀਆਂ ਗਰਮੀਆਂ ਵਿਚ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਹ ਸੋਚ ਰਹੇ ਹਨ ਕਿ ਉਹ ਕੋਵਿਡ-19 ਵਿਰੁੱਧ ਲੜਾਈ ਵਿਚ ਕਿਵੇਂ ਮਦਦ ਕਰ ਸਕਦੇ ਹਨ। ਇਸ ਲਈ ਅੱਜ ਅਸੀਂ 'ਨਿਊ ਕੈਨੇਡਾ ਸਟੂਡੈਂਟ ਸਰਿਵਸ ਗ੍ਰਾਂਟ' ਦੀ ਸ਼ੁਰੂਆਤ ਕਰ ਰਹੇ ਹਾਂ, ਜੋ ਸੈਕੰਡਰੀ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਮਹੱਤਵਪੂਰਣ ਤਜ਼ਰਬਾ ਪ੍ਰਾਪਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਭਾਈਚਾਰਿਆਂ ਵਿਚ ਯੋਗਦਾਨ ਪਾਉਣ ਦੀ ਆਗਿਆ ਦੇਵੇਗਾ। "

ਸਕੀਮ ਕੀ ਹੈ-
ਗ੍ਰਾਂਟ 1000 ਤੇ 5000 ਡਾਲਰ ਵਿਚਕਾਰ ਹੋਵੇਗੀ, ਜੋ ਕੰਮਕਾਜ ਦੇ ਘੰਟਿਆਂ ਦੇ ਆਧਾਰ 'ਤੇ ਮਿਲੇਗੀ। 100 ਘੰਟੇ ਕੰਮ ਕਰਨ ਵਾਲੇ ਇਕ ਵਿਦਿਆਰਥੀ ਨੂੰ 1,000 ਡਾਲਰ ਦੀ ਗ੍ਰਾਂਟ ਦਿੱਤੀ ਜਾਵੇਗੀ, ਜਿਸ ਦਾ ਮਤਲਬ ਹੈ ਕਿ 5000 ਡਾਲਰ ਦੀ ਪੂਰੀ ਗ੍ਰਾਂਟ ਲਈ 500 ਘੰਟੇ ਕੰਮ ਕਰਨਾ ਹੋਵੇਗਾ। ਪ੍ਰੋਗਰਾਮ ਅੱਜ ਖੁੱਲ੍ਹ ਚੁੱਕਾ ਹੈ ਅਤੇ 31 ਅਕਤੂਬਰ, 2020 ਤੱਕ ਚੱਲੇਗਾ। ਸਿਰਫ ਵਿਦਿਆਰਥੀ ਅਤੇ ਹਾਲ ਹੀ ਦੇ ਗ੍ਰੈਜੂਏਟ, ਜਿਨ੍ਹਾਂ ਦੀ ਉਮਰ 30 ਸਾਲ ਤੱਕ ਅਤੇ ਇਸ ਤੋਂ ਘੱਟ ਹੈ ਇਸ ਵਿਚ ਸ਼ਾਮਲ ਹੋ ਸਕਦੇ ਹਨ। ਵੀਰਵਾਰ ਨੂੰ ਲਾਂਚ ਹੋਈ ਇਸ ਸਕੀਮ ਬਾਰੇ ਵਿਸਥਾਰ ਜਾਣਕਾਰੀ ਲਈ ਤੁਸੀਂ  "I want to help" online platform" 'ਤੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।


Sanjeev

Content Editor

Related News