ਸਿਡਨੀ ਦੇ ਪੱਛਮ 'ਚ ਤੇਜ਼ ਤੂਫਾਨ ਦੇ ਆਉਣ ਦਾ ਖਦਸ਼ਾ

11/24/2017 3:41:16 PM

ਸਿਡਨੀ (ਬਿਊਰੋ)— ਸਿਡਨੀ ਦੇ ਪੱਛਮ ਵਿਚ ਵੱਡੇ ਗੜੇ, ਭਾਰੀ ਮੀਂਹ, ਬਿਜਲੀ ਚਮਕਣ ਅਤੇ ਤੂਫਾਨੀ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮਜ਼ਬੂਤ ਤੂਫਾਨ ਸਿਡਨੀ ਦੇ ਪੱਛਮ ਵੱਲ ਵੱਧ ਰਿਹਾ ਹੈ, ਜਿਸ ਕਾਰਨ ਮਾਊਂਟ ਡਰੁਇਟ ਅਤੇ ਪੈਨਰਥ ਉੱਤੇ ਭਾਰੀ ਬੱਦਲ ਉੱਤਰ-ਪੱਛਮ ਵੱਲੋਂ ਸ਼ਹਿਰ ਦੇ ਦੱਖਣ-ਪੱਛਮ ਵੱਲ ਵੱਧ ਰਹੇ ਹਨ। ਸ਼ਹਿਰ ਦੇ ਉੱਤਰ ਤੋਂ ਪੱਛਮ ਵੱਲ ਗੂੜ੍ਹੇ ਕਾਲੇ ਬੱਦਲਾਂ ਨੂੰ ਆਕਾਸ਼ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਬੱਦਲਾਂ ਦਾ ਪਹਿਲਾ ਸ਼ਿਕਾਰ ਲੇਕ ਬੁਰੇਗੌਰਾਂਗ, ਬੁਰੇਗੌਰਾਂਗ ਸਟੇਟ ਮਨੋਰੰਜਨ ਏਰੀਆ, ਨੱਟਾਈ, ਓਕਡੇਲ ਅਤੇ ਥਰਮੀਵੀਅਰ ਹੋਣਗੇ। ਇਸ ਤੂਫਾਨ ਦੇ ਅੱਗੇ ਉੱਤਰ-ਪੂਰਬ ਦੇ ਬੈਡਗੇਰੀਸ ਕ੍ਰੀਕ, ਕੈਮਡਨ, ਕੋਬਿਟੀ, ਓਰਨ ਪਾਰਕ, ਮੇਨੰਗਲੇ ਅਤੇ ਵਾਰਾਗੰਬਾ ਵੱਲ ਵੱਧਣ ਦਾ ਅਨੁਮਾਨ ਹੈ। ਸਿਡਨੀ ਦੇ ਪੱਛਮ, ਦੱਖਣ-ਪੱਛਮ ਅਤੇ ਉੱਤਰ-ਪੱਛਮ ਦੇ ਸਾਰੇ ਇਲਾਕਿਆਂ ਵਿਚ ਫਲੈਸ਼ ਹੜ੍ਹ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਅਗਲੇ ਕੁਝ ਘੰਟਿਆਂ ਵਿਚ ਪੇਨਰੀਥ, ਵੋਲੋਗੋਂਗ, ਨੌਰਾ, ਬੌਰਲ, ਕੈਂਮਪਬੈਲਟਾਊਨ, ਬਰੇਡਵੁੱਡ, ਕਟੂੰਬਾ, ਬਿਲਪਿਨ, ਅਰਾਲੋਨ, ਨੈਰੀਗਾ, ਕੈਪਟਨਸ ਫਲੈਟ ਅਤੇ ਬਰੈੱਡਬੋ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸਟੇਟ ਐਮਰਜੈਂਸੀ ਸੇਵਾ ਨੇ ਲੋਕਾਂ ਨੂੰ ਆਪਣੀਆਂ ਕਾਰਾਂ ਰੁੱਖਾਂ ਤੋਂ ਦੂਰ ਰੱਖਣ, ਨਾਲੀਆਂ ਸਾਫ ਰੱਖਣ, ਬਿਜਲੀ ਉਪਕਰਣਾਂ ਨੂੰ ਅਨਪਲੱਗ ਕਰ ਦੇਣ ਅਤੇ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ।