ਅਮਰੀਕੀ ਨੇਵੀ ਨੇ ਕਿਹਾ—ਚੀਨ ਦੱਖਣੀ ਚੀਨ ਸਾਗਰ ''ਚ ਸਾਡੀ ਗਸ਼ਤ ਨੂੰ ਨਹੀਂ ਰੋਕ ਸਕਦਾ

02/18/2018 5:26:50 PM

ਵਾਸ਼ਿੰਗਟਨ/ਬੀਜਿੰਗ (ਬਿਊਰੋ)- ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਦੀ ਹਮਲਾਵਰ ਰਣਨੀਤੀ ਦਾ ਅਮਰੀਕਾ 'ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਬੀਤੇ ਦਿਨੀਂ ਅਮਰੀਕਾ ਨੂੰ ਸਖਤ ਸੰਦੇਸ਼ ਦਿੰਦੇ ਹੋਏ ਚੀਨ ਨੇ ਰੂਸ ਤੋਂ ਖਰੀਦੇ ਗਏ ਨਵੇਂ ਐੱਸ. ਯੂ.-35 ਫਾਈਟਰ ਜੈੱਟਸ ਨੂੰ ਦੱਖਣੀ ਚੀਨ ਸਾਗਰ ਵਿਚ ਤੈਨਾਤ ਕਰਨ ਦੀ ਗੱਲ ਕਹੀ ਸੀ ਪਰ ਚੀਨ ਦੇ ਇਨ੍ਹਾਂ ਪੈਂਤਰਿਆਂ ਤੋਂ ਬੇਪਰਵਾਹ ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ਇਲਾਕੇ ਵਿਚ ਗਸ਼ਤ ਲਗਾਉਣਾ ਜਾਰੀ ਰੱਖੇਗਾ। ਅਮਰੀਕਾ ਦਾ ਕਹਿਣਾ ਹੈ ਕਿ ਦੱਖਣੀ ਚੀਨ ਸਾਗਰ ਵਿਚ ਚੀਨ ਵੱਲੋਂ ਬਣਾਏ ਜਾ ਰਹੇ ਟਾਪੂਆਂ ਦਾ ਉਸ 'ਤੇ ਕੋਈ ਅਸਰ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਦੀ ਨਿਗਰਾਨੀ ਲਈ ਆਪਣਾ ਇਕ ਜਹਾਜ਼ ਕੈਰੀਅਰ ਛੱਡਿਆ ਹੈ, ਜਿਸ ਨੂੰ ਯੂ. ਐੱਸ. ਐੱਸ. ਕਾਰਲ ਵਿਨਸਨ ਕਿਹਾ ਜਾਂਦਾ ਹੈ। ਇਹ ਬੀਤੇ 70 ਸਾਲਾਂ ਤੋਂ ਦੱਖਣੀ ਚੀਨ ਸਾਗਰ ਦੀ ਨਿਗਰਾਨੀ ਕਰ ਰਿਹਾ ਹੈ। ਦੱਖਣੀ ਚੀਨ ਸਾਗਰ ਇਲਾਕੇ 'ਤੇ ਅਮਰੀਕਾ ਨੇ ਕੋਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਹੈ। ਭਾਰਤ ਅਤੇ ਅਮਰੀਕਾ ਇਸ ਇਲਾਕੇ ਵਿਚ ਸ਼ਿਪਿੰਗ ਅਤੇ ਫਲਾਈਟਸ ਦੀ ਆਜ਼ਾਦੀ ਦੀ ਪੁਰਜ਼ੋਰ ਵਕਾਲਤ ਕਰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਵਿਚ ਲੈਫਟੀਨੈਂਟ ਕਮਾਂਡਰ ਟਿਮ ਹਾਕਿਨਸ ਨੇ ਕਿਹਾ,''ਅੰਤਰ ਰਾਸ਼ਟਰੀ ਕਾਨੂੰਨ ਸਾਨੂੰ ਇੱਥੇ ਉੱਡਣ, ਟਰੇਨਿੰਗ ਦੇਣ, ਸਮੁੰਦਰ ਵਿਚ ਗਸ਼ਤ ਲਗਾਉਣ ਅਤੇ ਜੋ ਵੀ ਅਸੀਂ ਕਰ ਰਹੇ ਹਾਂ, ਉਸ ਦੀ ਇਜਾਜ਼ਤ ਦਿੰਦਾ ਹੈ। ਅਸੀਂ ਇਸ ਤਰ੍ਹਾਂ ਅੱਗੇ ਵੀ ਕਰਦੇ ਰਹਾਂਗੇ।'' 
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਚੀਨ ਦੱਖਣੀ ਚੀਨ ਸਾਗਰ ਦੇ ਲੱਗਭਗ ਪੂਰੇ ਜਲ ਖੇਤਰ 'ਤੇ ਆਪਣਾ ਦਾਅਵਾ ਦੱਸਦਾ ਹੈ। ਚੀਨ ਦੇ ਗੁਆਂਢੀ ਦੇਸ਼ ਇਸ ਗੱਲ ਨੂੰ ਲੈ ਕੇ ਕਈ ਵਾਰੀ ਇਤਰਾਜ਼ ਜ਼ਾਹਰ ਕਰ ਚੁੱਕੇ ਹਨ ਪਰ ਚੀਨ ਆਪਣੀ ਹਮਲਾਵਰ ਅਤੇ ਵਿਸਤਾਰਵਾਦੀ ਨੀਤੀ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ।