ਅਜੀਬ ਫਰਸ਼ ਨੇ ਲੋਕਾਂ ਨੂੰ ਪਾਇਆ ਚੱਕਰਾਂ ''ਚ, ਲੋਕਾਂ ਦੇ ਹਿੱਤ ਲਈ ਲਿਆ ਇਹ ਫੈਸਲਾ

10/17/2017 8:06:45 AM

ਲੰਡਨ, (ਏਜੰਸੀ)— ਬ੍ਰਿਟੇਨ ਦੇ ਇਕ ਦਫਤਰ ਦਾ ਫਰਸ਼ ਦੇਖਣ 'ਚ ਜ਼ਮੀਨ ਵਿਚ ਧੱਸਿਆ ਹੋਇਆ ਵਿਖਾਈ ਦਿੰਦਾ ਹੈ । ਕੁੱਝ ਦਿਨ ਪਹਿਲਾਂ ਜਦ ਕੰਪਨੀ ਨੇ ਫਰਸ਼ 'ਚ ਬਦਲਾਅ ਕਰਵਾਇਆ ਤਾਂ ਲੋਕ ਸੋਚਾਂ 'ਚ ਪੈ ਗਏ। ਉਹ ਸੋਚਣ ਲੱਗੇ ਕਿ ਇੱਥੇ ਨਾ ਤਾਂ ਕੋਈ ਭੂਚਾਲ ਆਇਆ ਨਾ ਹੀ ਅਜਿਹੀ ਕੋਈ ਕੁਦਰਤੀ ਆਫਤ ਆਈ ਜਿਸ ਨਾਲ ਜ਼ਮੀਨ ਧੱਸ ਗਈ ਹੋਵੇ, ਪਰ ਫਿਰ ਵੀ ਜੋ ਵੀ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਉੱਥੇ ਹੀ ਰੁਕ ਗਿਆ । ਜਦੋਂ ਲੋਕਾਂ ਨੇ ਫਰਸ਼ ਦੇ ਧੱਸੇ ਹੋਏ ਹਿੱਸੇ ਕੋਲ ਜਾ ਕੇ ਵੇਖਿਆ ਤਾਂ ਇਸ ਦਾ ਸੱਚ ਜਾਣ ਲੋਕ ਹੱਸਣ ਲੱਗ ਗਏ ।
ਅਸਲ ਵਿਚ ਕੰਪਨੀ ਨੇ ਇਸ ਨਵੇਂ ਫਰਸ਼ ਦਾ ਅਜੀਬ ਤਰ੍ਹਾਂ ਦਾ ਐਕਸਪੈਰੀਮੈਂਟ ਕੀਤਾ। ਲੋਕ ਅਕਸਰ ਇੱਥੋਂ ਭੱਜਦੇ ਹੋਏ ਨਿਕਲਦੇ ਸਨ ਅਤੇ ਡਿੱਗ ਜਾਂਦੇ ਸਨ । ਅਜਿਹੇ ਵਿੱਚ ਕੰਪਨੀ ਨੇ ਇਕ ਟਾਇਲ ਕੰਪਨੀ ਨੂੰ ਸੱਦ ਕੇ ਇੱਥੇ ਟਾਇਲਾਂ ਦੀ ਮਦਦ ਨਾਲ ਆਪਟਿਕਲ ਇਲਿਊਸ਼ਨ ਤਿਆਰ ਕੀਤਾ, ਜਿਸ ਨਾਲ ਦੇਖਣ 'ਚ ਸਮਾਨ ਚੀਜ਼ ਵੀ ਢੇਡੀ ਨਜ਼ਰ ਆਉਂਦੀ ਹੈ।
ਕਾਲੀਆਂ-ਚਿੱਟੀਆਂ ਟਾਇਲਾਂ ਨੂੰ ਇਸ ਤਰ੍ਹਾਂ ਨਾਲ ਸੈੱਟ ਕੀਤਾ ਗਿਆ, ਜਿਸ ਨਾਲ ਫਰਸ਼ ਧੱਸਿਆ ਵਿਖਾਈ ਦੇਣ ਲੱਗਾ। ਕੰਪਨੀ ਦਾ ਇਹ ਐਕਸਪੈਰੀਮੈਂਟ ਸਫਲ ਹੋਇਆ ਅਤੇ ਇੱਥੋਂ ਨਿਕਲਣ ਵਾਲਾ ਹਰ ਵਿਅਕਤੀ ਦੋ-ਤਿੰਨ ਵਾਰ ਤਸੱਲੀ ਕਰ ਲੈਣ ਮਗਰੋਂ ਹੀ ਨਿਕਲਦਾ ਹੈ । ਇਸ ਤਰ੍ਹਾਂ ਲੋਕ ਵਧੇਰੇ ਧਿਆਨ ਨਾਲ ਚੱਲਦੇ ਹਨ ਅਤੇ ਹੁਣ ਕੋਈ ਨਹੀਂ ਡਿੱਗਦਾ।