ਕੈਨੇਡਾ ਨੂੰ ਚੀਨ ਦੀ ਧਮਕੀ, ਟਰੂਡੋ ਨੂੰ ਕਿਹਾ- 'ਗੈਰ-ਜ਼ਿੰਮੇਵਾਰਾਨਾ ਟਿੱਪਣੀ ਬੰਦ ਕਰੋ'

06/22/2020 6:15:10 PM

ਬੀਜਿੰਗ/ਓਟਾਵਾ— ਚੀਨ ਨੇ ਪੀ. ਐੱਮ. ਟਰੂਡੋ ਨੂੰ ਬੀਜਿੰਗ 'ਚ ਗ੍ਰਿਫਤਾਰ ਦੋ ਕੈਨੇਡੀਅਨਾਂ ਦਾ ਮਾਮਲਾ ਕੈਨੇਡਾ 'ਚ ਗ੍ਰਿਫਤਾਰ ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਮੇਂਗ ਨਾਲ ਨਾ ਜੋੜਨ ਦੀ ਸਖਤ ਚਿਤਾਵਨੀ ਦਿੱਤੀ ਹੈ ਅਤੇ ਨਾਲ ਹੀ ਮੇਂਗ ਨੂੰ ਤੁਰੰਤ ਰਿਹਾਅ ਕਰਨ ਦੀ ਸਖਤ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਚੀਨ 'ਚ ਦੋ ਕੈਨੇਡੀਅਨਾਂ ਖ਼ਿਲਾਫ਼ ਜਾਸੂਸੀ ਦੇ ਮਾਮਲੇ 'ਚ ਸ਼ੁਰੂ ਹੋਈ ਕਾਰਵਾਈ ਨੂੰ ਟਰੂਡੋ ਨੇ ਬਦਲੇ ਦੀ ਭਾਵਨਾ ਵਾਲੀ ਕਾਰਵਾਈ ਕਰਾਰ ਦਿੱਤਾ ਸੀ। ਇਸ 'ਤੇ ਚੀਨ ਭੜਕ ਗਿਆ ਹੈ। ਚੀਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ (ਪੀ. ਐੱਮ.) ਜਸਟਿਨ ਟਰੂਡੋ ਨੂੰ ਕਿਹਾ ਕਿ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਕਰਨਾ ਬੰਦ ਕਰੋ।

PunjabKesari

ਚੀਨ ਦੇ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਜਾਸੂਸੀ ਦੇ ਦੋਸ਼ ਹੁਵਾਵੇ ਦੀ ਕਾਰਜਕਾਰੀ ਮੇਂਗ ਵਾਂਜ਼ੂ ਦੇ ਮਾਮਲੇ ਨਾਲੋਂ ਬਿਲਕੁਲ ਵੱਖਰੇ ਹਨ। ਗੌਰਤਲਬ ਹੈ ਕਿ ਮੇਂਗ ਵਾਂਜ਼ੂ ਨੂੰ ਈਰਾਨ 'ਤੇ ਵਪਾਰਕ ਪਾਬੰਦੀਆਂ ਦੀ ਸੰਭਾਵਿਤ ਉਲੰਘਣਾ ਨਾਲ ਜੁੜੇ ਅਮਰੀਕਾ ਦੇ ਦੋਸ਼ਾਂ 'ਤੇ ਦਸੰਬਰ 2018 'ਚ ਵੈਨਕੁਵਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹੁਵਾਵੇ ਦੀ ਮੁੱਖ ਅਧਿਕਾਰੀ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਪਿੱਛੋਂ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ- ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ 'ਚ ਲੈ ਲਿਆ ਸੀ, ਜਿਨ੍ਹਾਂ 'ਤੇ ਬੀਤੇ ਸ਼ੁੱਕਰਵਾਰ ਨੂੰ ਜਾਸੂਸੀ ਦੇ ਦੋਸ਼ਾਂ 'ਚ ਮੁਕੱਦਮਾ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ।

PunjabKesari
ਟਰੂਡੋ ਨੇ ਓਟਵਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਚੀਨੀ ਅਧਿਕਾਰੀਆਂ ਨੇ ਕੋਵਰਿਗ ਅਤੇ ਸਪਾਇਰ ਦੇ ਮਾਮਲਿਆਂ ਨੂੰ ਮੇਂਗ ਨਾਲ ਸਿੱਧੇ ਤੌਰ 'ਤੇ ਜੋੜਿਆ ਹੈ। ਉਨ੍ਹਾਂ ਨੇ ਬੀਜਿੰਗ ਨੂੰ 'ਮਨਮਾਨੀ ਹਿਰਾਸਤ' ਖਤਮ ਕਰਨ ਲਈ ਕਿਹਾ ਸੀ।

ਜਿੰਨੀ ਜਲਦੀ ਹੋ ਸਕੇ ਗਲਤੀਆਂ ਸੁਧਾਰੇ ਕੈਨੇਡਾ-

PunjabKesari
ਟਰੂਡੋ ਦੀ ਇਸ ਟਿੱਪਣੀ ਪਿੱਛੋਂ ਸੋਮਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ, ''ਮਨਮਾਨੀ ਹਿਰਾਸਤ ਵਰਗੀ ਕੋਈ ਚੀਜ਼ ਨਹੀਂ ਹੈ।'' ਉਨ੍ਹਾਂ ਕਿਹਾ ਕਿ ਚੀਨ ਸਬੰਧਤ ਕੈਨੇਡੀਅਨ ਨੇਤਾ ਨੂੰ ਅਪੀਲ ਕਰਦਾ ਹੈ ਕਿ ਉਹ ਕਾਨੂੰਨ ਦੇ ਸ਼ਾਸਨ ਦੀ ਭਾਵਨਾ ਦਾ ਦਿਲੋਂ ਸਤਿਕਾਰ ਕਰਨ, ਚੀਨ ਦੀ ਨਿਆਂਇਕ ਪ੍ਰਭੂਸੱਤਾ ਦਾ ਸਤਿਕਾਰ ਕਰਨ ਤੇ ਗੈਰ ਜ਼ਿੰਮੇਵਾਰਾਨਾ ਟਿੱਪਣੀ ਕਰਨਾ ਬੰਦ ਕਰਨ। ਇੰਨਾ ਹੀ ਨਹੀਂ ਝਾਓ ਨੇ ਕਿਹਾ ਕਿ ਮੇਂਗ ਦਾ ਮਾਮਲਾ ਇਕ 'ਗੰਭੀਰ ਰਾਜਨੀਤਿਕ ਘਟਨਾ' ਹੈ ਅਤੇ ਅਮਰੀਕਾ ਵੱਲੋਂ ਚੀਨੀ ਉੱਚ ਤਕਨੀਕ ਦੇ ਉਦਯੋਗਾਂ ਤੇ ਹੁਵਾਵੇ ਨੂੰ ਦਬਾਉਣ ਦੀਆਂ ਕੋਸ਼ਿਸ਼ਾ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੇ ਇਸ 'ਚ ਯੂ. ਐੱਸ. ਨਾਲ ਇਕ ਸਾਥੀ ਦੀ ਭੂਮਿਕਾ ਨਿਭਾਈ ਹੈ।

PunjabKesari
ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਨੇ ਕਿਹਾ, ''ਅਸੀਂ ਕੈਨੇਡਾ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਆਪਣੀਆਂ ਗਲਤੀਆਂ ਨੂੰ ਸੁਧਾਰਨ, ਮੇਂਗ ਵਾਂਜ਼ੂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਸ ਦੀ ਸੁਰੱਖਿਅਤ ਘਰ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ।''


Sanjeev

Content Editor

Related News