ਕੈਨੇਡਾ : ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਸ ਕਾਰਨ ਪੜ੍ਹਾਉਣ ਤੋਂ ਕੀਤਾ ਇਨਕਾਰ

11/02/2020 11:39:07 PM

ਸਕਾਰਬੋਰੋਹ- ਕੈਨੇਡਾ ਦੇ ਸ਼ਹਿਰ ਸਕਾਰਬੋਰੋਹ ਵਿਚ ਇਕ ਐਲੀਮੈਂਟਰੀ ਸਕੂਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮਿਲਣ ਮਗਰੋਂ 58 ਵਿਦਿਆਰਥੀਆਂ ਨੂੰ ਇਕਾਂਤਵਾਸ ਹੋਣਾ ਪਿਆ ਸੀ, ਇੱਥੋਂ ਦੇ ਅਧਿਆਪਕਾਂ ਨੇ ਹੁਣ ਮੰਗ ਕੀਤੀ ਹੈ ਕਿ ਸਕੂਲ ਨੂੰ ਬੰਦ ਰੱਖਿਆ ਜਾਵੇ। ਸਕੂਲ ਸਟਾਫ਼ ਦੀ ਮੰਗ ਹੈ ਕਿ ਕੋਰੋਨਾ ਦੇ ਖ਼ਤਰੇ ਕਾਰਨ ਸਕੂਲ ਨੂੰ ਕੁਝ ਸਮੇਂ ਲਈ ਬੰਦ ਰੱਖਣਾ ਚਾਹੀਦਾ ਹੈ। 
ਦੱਸ ਦਈਏ ਕਿ ਗਲਾਮੋਰਗਨ ਜੂਨੀਅਰ ਪਬਲਿਕ ਸਕੂਲ ਵਿਚ 9 ਸਟਾਫ ਮੈਂਬਰ ਅਤੇ 2 ਵਿਦਿਆਰਥੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਇਸ ਕਾਰਨ 50 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਕਾਂਤਵਾਸ ਕਰਨਾ ਪੈ ਗਿਆ ਸੀ। ਇਸ ਦੇ ਬਾਵਜੂਦ ਸਕੂਲ ਪਹਿਲਾਂ ਦੀ ਤਰ੍ਹਾਂ ਖੁੱਲ੍ਹ ਰਹੇ ਹਨ। ਸਟਾਫ਼ ਨੇ ਇਮਾਰਤ ਤੋਂ ਬਾਹਰ ਆ ਕੇ ਆਪਣੀ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਉਹ ਸਕੂਲ ਬੰਦ ਕਰਨ ਦੀ ਮੰਗ ਕਰ ਰਹੇ ਹਨ ਤਾਂ ਕਿ ਵਾਇਰਸ ਤੋਂ ਉਹ ਆਪਣੀ ਤੇ ਬਾਕੀਆਂ ਦੀ ਸਿਹਤ ਦਾ ਧਿਆਨ ਰੱਖ ਸਕਣ। ਉਨ੍ਹਾਂ ਕਿਹਾ ਕਿ ਇਕਾਂਤਵਾਸ ਕੀਤੇ ਗਏ ਕੁਝ ਸਟਾਫ ਮੈਂਬਰ ਸਕੂਲ ਸਮੇਂ ਫਿਰ ਆ ਰਹੇ ਹਨ ਤੇ ਇਸ ਕਾਰਨ ਹੋਰਾਂ ਦੇ ਕੋਰੋਨਾ ਦੀ ਲਪੇਟ ਵਿਚ ਆਉਣ ਦਾ ਖਤਰਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ ਨਾਲ ਵੀ ਗੱਲ ਕੀਤੀ ਹੈ ਤਾਂ ਕਿ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। 

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਮਾਪਿਆ ਨੂੰ ਪੱਤਰ ਭੇਜ ਕੇ ਸੂਚਿਤ ਕੀਤਾ ਸੀ ਕਿ ਲੇਬਰ ਮੰਤਰਾਲਾ ਤੇ ਟੋਰਾਂਟੋ ਪਬਲਿਕ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ। ਹਾਲਾਂਕਿ ਬਹੁਤ ਮਾਪਿਆਂ ਨੇ ਕੋਰੋਨਾ ਦੇ ਡਰ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਹੀ ਨਹੀਂ ਭੇਜਿਆ। 

Sanjeev

This news is Content Editor Sanjeev