ਸ਼੍ਰੀਲੰਕਾਈ ਰਾਸ਼ਟਰਪਤੀ ਵਿਕ੍ਰਮਸਿੰਘੇ ਨੇ ਭਾਰਤ ਦੀ ਨਵੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਦਿੱਤੀ ਵਧਾਈ

07/25/2022 5:44:24 PM

ਕੋਲੰਬੋ (ਭਾਸ਼ਾ)-ਸ਼੍ਰੀਲੰਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਰਾਨਿਲ ਵਿਕ੍ਰਮਸਿੰਘੇ ਨੇ ਦੋਵਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਸਬੰਧਾਂ ਨੂੰ ਯਾਦ ਕਰਦਿਆਂ ਭਾਰਤ ਦੀ ਨਵੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸੁਹਿਰਦ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਯਤਨਾਂ ਨੂੰ ‘ਨਵੀਂ ਗਤੀ’ ਮਿਲੇਗੀ। ਮੁਰਮੂ (64) ਨੇ ਸੋਮਵਾਰ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਇਸ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੀ ਪਹਿਲੀ ਆਦਿਵਾਸੀ ਅਤੇ ਦੂਜੀ ਮਹਿਲਾ ਹਨ। ਵਿਕਰਮਸਿੰਘੇ ਨੇ ਆਪਣੇ ਸੰਦੇਸ਼ ’ਚ ਕਿਹਾ, ‘‘ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ਾਂ ’ਚੋਂ ਇਕ ਵਿਚ ਇਸ ਮੁੱਖ ਜ਼ਿੰਮੇਵਾਰੀ ਲਈ ਤੁਹਾਡੀ ਨਿਯੁਕਤੀ ਉਸ ਵਿਸ਼ਵਾਸ ਅਤੇ ਭਰੋਸੇ ਦੀ ਗਵਾਹੀ ਹੈ, ਜੋ ਸਰਕਾਰ ਅਤੇ ਲੋਕਾਂ ਨੇ ਤੁਹਾਡੀ ਯੋਗਤਾ ਅਤੇ ਸਿਆਸੀ ਸੂਝ-ਬੂਝ ’ਤੇ ਭਰੋਸਾ ਪ੍ਰਗਟਾਇਆ ਹੈ।’’

ਦੋਵਾਂ ਦੇਸ਼ਾਂ ਵਿਚਾਲੇ ਨਜ਼ਦੀਕੀ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ, “ਦੋਵਾਂ ਦੇਸ਼ਾਂ ਦਰਮਿਆਨ ਜੋ ਸੁਹਿਰਦ ਸਬੰਧ ਹਨ, ਉਸ ਨੂੰ ਤੁਹਾਡੀ ਅਗਵਾਈ ਨਾਲ ਮਜ਼ਬੂਤ ਕਰਨ ਦੇ ਸਾਂਝੇ ਯਤਨਾਂ ਨੂੰ ਨਵੀਂ ਗਤੀ ਮਿਲੇਗੀ।” ਕੱਦਾਵਰ ਨੇਤਾ ਵਿਕ੍ਰਮਸਿੰਘੇ ਨੂੰ 21 ਜੁਲਾਈ ਨੂੰ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁਕਾਈ ਗਈ ਸੀ। ਉਹ ਇਸ ਅਹੁਦੇ ’ਤੇ ਸਾਬਕਾ ਰਾਸ਼ਟਰਪਤੀ ਦੇ ਕਾਰਜਕਾਲ ਦੀ ਬਚਦੀ ਮਿਆਦ ਤਕ ਇਸ ਅਹੁਦੇ ’ਤੇ ਬਣੇ ਰਹਿਣਗੇ। ਉਨ੍ਹਾਂ ਦਾ ਕਾਰਜਕਾਲ ਨਵੰਬਰ, 2024 ਤੱਕ ਹੈ। ਇਸ ਦੌਰਾਨ ਵਿਕ੍ਰਮਸਿੰਘੇ ਦੇ ਦਫ਼ਤਰ ਨੇ ਇਹ ਵੀ ਐਲਾਨ ਕੀਤਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਹੈ।


Manoj

Content Editor

Related News