ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਜਪਕਸ਼ੇ ਅਗਲੇ ਮਹੀਨੇ ਮਾਰਨਗੇ ਭਾਰਤ ਫੇਰੀ

01/12/2020 6:09:14 PM

ਕੋਲੰਬੋ- ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ ਤੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਪਿਛਲੇ ਸਾਲ ਨਵੰਬਰ ਮਹੀਨੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਅਧਿਕਾਰਿਤ ਦੌਰਾ ਹੈ। ਪ੍ਰਧਾਨ ਮੰਤਰੀ ਦੇ ਭਰਾ ਤੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਅਗਵਾਈ ਵਾਲੀ ਨਵੀਂ ਸ਼੍ਰੀਲੰਕਾਈ ਸਰਕਾਰ ਦੇ ਮੈਂਬਰਾਂ ਦਾ ਇਹ ਤੀਜਾ ਉੱਚ ਪੱਧਰੀ ਦੌਰਾ ਹੈ।

ਸ਼੍ਰੀਲੰਕਾ ਦੀ ਨਿਊਜ਼ ਵੈੱਬਸਾਈਟ 'ਦ ਸੰਡੇ ਮਾਰਨਿੰਗ' ਨੇ ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਫਰਵਰੀ ਦੀ ਸ਼ੁਰੂਆਤ ਵਿਚ ਭਾਰਤ ਜਾਣ ਦੀ ਸੰਭਾਵਨਾ ਹੈ ਪਰ ਤਰੀਕਾਂ ਦਾ ਅਜੇ ਐਲਾਨ ਨਹੀਂ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ, ਸ਼੍ਰੀਲੰਕਾ ਦੀ ਨਵੀਂ ਸਰਕਾਰ ਦੇ ਨਾਲ ਕਰੀਬੀ ਸਬੰਧ ਸਥਾਪਿਤ ਕਰਨ ਦਾ ਇੱਛੁਕ ਹੈ ਤੇ ਦੇਸ਼ ਨੂੰ ਖਾਸ ਕਰਕੇ ਤਾਮਿਲ ਬਹੁ-ਗਿਣਤੀ ਉੱਤਰੀ ਤੇ ਪੂਰਬੀ ਅਤੇ ਹੋਰ ਇਲਾਕਿਆਂ ਦੇ ਵਿਕਾਸ ਦੇ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਸ਼੍ਰੀਲੰਕਾ ਦੀ ਕਮਾਨ ਸੰਭਾਲਣ ਤੋਂ ਬਾਅਦ ਵਿਦੇਸ਼ ਦੇ ਪਹਿਲੇ ਦੌਰੇ ਵਿਚ ਗੋਟਬਾਇਆ ਰਾਜਪਕਸ਼ੇ ਤਿੰਨ ਦਿਨਾਂ ਦੌਰੇ 'ਤੇ ਭਾਰਤ ਆਏ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਸਾਰਥਕ ਗੱਲਬਾਤ ਤੋਂ ਬਾਅਦ ਅੱਤਵਾਦ ਨਾਲ ਲੜਨ ਦੇ ਲਈ ਪੰਜ ਕਰੋੜ ਡਾਲਰ ਸਣੇ 45 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਕਹੀ ਸੀ। 


Baljit Singh

Content Editor

Related News