ਸ਼੍ਰੀਲੰਕਾ ਬੰਬ ਧਮਾਕੇ : ਇਕ ਵਿਅਕਤੀ ਦੀ ਬਹਾਦਰੀ ਕਾਰਨ ਬਚੀਆਂ ਕਈ ਜ਼ਿੰਦਗੀਆਂ

04/28/2019 2:00:02 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਸੰਡੇ 'ਤੇ 8 ਥਾਵਾਂ 'ਤੇ ਅੱਤਵਾਦੀਆਂ ਵਲੋਂ ਬੰਬ ਧਮਾਕੇ ਕੀਤੇ ਗਏ ਜਿਸ 'ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹਨ। ਅੱਤਵਾਦੀਆਂ ਨੇ ਹੋਟਲਾਂ ਅਤੇ ਚਰਚਾਂ ਨੂੰ ਨਿਸ਼ਾਨਾ ਬਣਾਇਆ ਸੀ। ਅੱਤਵਾਦੀ ਹਮਲਿਆਂ 'ਚ ਆਪਣੀ ਜਾਨ ਗੁਆ ਕੇ ਸੈਂਕੜੇ ਲੋਕਾਂ ਨੂੰ ਬਚਾਉਣ ਵਾਲੇ ਰਮੇਸ਼ ਰਾਜੂ ਨੂੰ ਭਾਈਚਾਰੇ ਵਲੋਂ ਸ਼ਰਧਾਂਜਲੀ ਦਿੱਤੀ ਗਈ। ਰਮੇਸ਼ ਦੇ ਸਨਮਾਨ 'ਚ ਲੋਕਾਂ ਨੇ ਉਨ੍ਹਾਂ ਦੇ ਘਰ ਤਕ ਦੇ ਰਸਤੇ ਨੂੰ ਉਨ੍ਹਾਂ ਦੀਆਂ ਤਸਵੀਰਾਂ ਅਤੇ ਪੋਸਟਰਾਂ ਨਾਲ ਸਜਾ ਦਿੱਤਾ। 40 ਸਾਲਾ ਰਮੇਸ਼ ਦੋ ਬੱਚਿਆਂ ਦੇ ਪਿਤਾ ਸਨ।

ਰਮੇਸ਼ ਹਮਲੇ ਦੇ ਦਿਨ ਬੱਟੀਕਲੋਆ ਦੇ ਉਸ ਚਰਚ ਦੇ ਦਰਵਾਜ਼ੇ 'ਤੇ ਹੀ ਖੜ੍ਹਾ ਸੀ, ਜਿੱਥੇ ਅੱਤਵਾਦੀ ਧਮਾਕਾਖੇਜ਼ ਪਦਾਰਥ ਲੈ ਕੇ ਪੁੱਜਾ ਸੀ। ਰਮੇਸ਼ ਨੂੰ ਉਸ 'ਤੇ ਸ਼ੱਕ ਹੋਇਆ ਤੇ ਉਸ ਨੇ ਅੱਤਵਾਦੀ ਨੂੰ ਉੱਥੇ ਹੀ ਰੋਕ ਲਿਆ। ਰਮੇਸ਼ ਦੀ ਬਹਾਦਰੀ ਕਾਰਨ ਅੱਤਵਾਦੀ ਚਰਚ ਅੰਦਰ ਦਾਖਲ ਨਾ ਹੋ ਸਕਿਆ ਅਤੇ ਉਸ ਨੇ ਦਰਵਾਜ਼ੇ 'ਤੇ ਹੀ ਖੁਦ ਨੂੰ ਉਡਾ ਲਿਆ। ਇਸ ਧਮਾਕੇ 'ਚ ਰਮੇਸ਼ ਸਮੇਤ 29 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਨ੍ਹਾਂ 'ਚੋਂ 14 ਬੱਚੇ ਵੀ ਸ਼ਾਮਲ ਸਨ।

ਚਰਚ ਦੇ ਅੰਦਰ ਉਸ ਸਮੇਂ ਪ੍ਰਾਰਥਨਾ ਲਈ 600 ਤੋਂ ਵਧ ਲੋਕ ਇਕੱਠੇ ਹੋਏ ਸਨ, ਜੇਕਰ ਇਹ ਅੱਤਵਾਦੀ ਚਰਚ ਦੇ ਅੰਦਰ ਦਾਖਲ ਹੋ ਕੇ ਧਮਾਕਾ ਕਰਦਾ ਤਾਂ ਸ਼ਾਇਦ ਸਥਿਤੀ ਹੋਰ ਵੀ ਗੰਭੀਰ ਹੋਣੀ ਸੀ। ਰਮੇਸ਼ ਦੇ ਪਿਤਾ ਵੇਲੁਸਾਮੀ ਰਾਜੂ ਨੇ ਕਿਹਾ,''ਹਮਲਾਵਰ 'ਤੇ ਸ਼ੱਕ ਹੋਣ ਦੇ ਬਾਅਦ ਰਮੇਸ਼ ਉੱਥੋਂ ਭੱਜ ਕੇ ਜਾਨ ਬਚਾ ਸਕਦਾ ਸੀ ਪਰ ਉਸ ਨੇ ਅੱਤਵਾਦੀ ਨੂੰ ਰੋਕਣ ਦਾ ਫੈਸਲਾ ਕੀਤਾ। ਮੈਨੂੰ ਮਾਣ ਹੈ ਕਿ ਮੇਰੇ ਪੁੱਤ ਨੇ ਕਈ ਮਾਸੂਮਾਂ ਦੀਆਂ ਜ਼ਿੰਦਗੀਆਂ ਬਚਾ ਲਈਆਂ।''