ਸ਼੍ਰੀਲੰਕਾ ਪ੍ਰਦਰਸ਼ਨ: ਰਾਮਬੂਕਾਨਾ ''ਚ ਕਰਫਿਊ ਜਾਰੀ, ਹਿੰਸਾ ''ਚ ਜ਼ਖ਼ਮੀ ਹੋਏ 3 ਲੋਕਾਂ ਦੀ ਹਾਲਤ ਗੰਭੀਰ

04/20/2022 11:21:23 AM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਦੱਖਣ-ਪੱਛਮੀ ਰਾਮਬੂਕਾਨਾ ਖੇਤਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਹੋਈ ਹਿੰਸਾ ਤੋਂ ਬਾਅਦ ਲਗਾਇਆ ਗਿਆ ਕਰਫਿਊ ਬੁੱਧਵਾਰ ਨੂੰ ਵੀ ਜਾਰੀ ਰਹੇਗਾ। ਸ਼੍ਰੀਲੰਕਾ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਨਿਹੱਥੀ ਭੀੜ ਨੂੰ ਖਿੰਡਾਉਣ ਲਈ ਪੁਲਸ ਦੀ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਦੇ ਅਨੁਸਾਰ, ਰਾਮਬੁਕਾਨਾ ਦੇ ਕੇਗਾਲੇ ਹਸਪਤਾਲ ਵਿੱਚ ਦਾਖ਼ਲ 13 ਪ੍ਰਦਰਸ਼ਨਕਾਰੀਆਂ ਵਿੱਚੋਂ ਘੱਟੋ-ਘੱਟ 3 ਦੀ ਹਾਲਤ ਗੰਭੀਰ ਹੈ। ਇਸ ਘਟਨਾ 'ਚ 15 ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਪੁਲਸ ਮੁਖੀ ਚੰਦਨ ਵਿਕਰਮਰਤਨੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ 'ਚ ਲਗਾਇਆ ਗਿਆ ਕਰਫਿਊ ਜਾਰੀ ਰਹੇਗਾ।

ਇਹ ਵੀ ਪੜ੍ਹੋ: ਮਹਿਲਾ ਨੇ ਜਤਾਈ ਅਜੀਬੋ-ਗ਼ਰੀਬ ਇੱਛਾ, ਮੇਰੇ ਅੰਤਿਮ ਸੰਸਕਾਰ 'ਤੇ ਕਾਲੇ ਕੱਪੜੇ ਨਾ ਪਾਇਓ ਤੇ ਦੋ ਪੈੱਗ ਲਗਾ ਕੇ ਆਇਓ

ਉਨ੍ਹਾਂ ਕਿਹਾ, 'ਪ੍ਰਦਰਸ਼ਨਕਾਰੀ ਕੱਲ੍ਹ ਹਿੰਸਕ ਹੋ ਗਏ ਸਨ ਅਤੇ ਉਨ੍ਹਾਂ ਨੇ ਰੇਲਵੇ ਟਰੈਕਾਂ ਨੂੰ ਜਾਮ ਕਰ ਦਿੱਤਾ ਸੀ। ਉਹ ਪੁਰਾਣੇ ਰੇਟਾਂ 'ਤੇ ਤੇਲ ਦੇਣ ਦੀ ਮੰਗ ਕਰ ਰਹੇ ਸਨ।' ਉਨ੍ਹਾਂ ਕਿਹਾ ਕਿ ਜਦੋਂ ਪੁਲਸ ਨੇ ਦੋ 'ਤੇਲ ਟੈਂਕਰਾਂ' ਦਾ ਇੰਤਜ਼ਾਮ ਕੀਤਾ ਤਾਂ ਪ੍ਰਦਰਸ਼ਨਕਾਰੀਆਂ ਨੇ ਰੇਲ ਪਟੜੀਆਂ 'ਤੇ ਜਾਮ ਲਗਾ ਕੇ ਇਕ ਵਾਹਨ ਦੀ ਬੈਟਰੀ ਕੱਢ ਦਿੱਤੀ। ਪੁਲਿਸ ਮੁਖੀ ਨੇ ਕਿਹਾ, 'ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗਦੇ ਹੋਏ ਘੱਟ ਤਾਕਤ ਦੀ ਵਰਤੋਂ ਕੀਤੀ।' ਸ਼੍ਰੀਲੰਕਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੋਕ ਲਗਾਤਾਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ਪ੍ਰਦਰਸ਼ਨਾਂ ਵਿੱਚ ਕੱਲ੍ਹ ਪਹਿਲੀ ਵਾਰ ਕਿਸੇ ਵਿਅਕਤੀ ਦੀ ਮੌਤ ਹੋਈ।

ਇਹ ਵੀ ਪੜ੍ਹੋ: ਕੋਵਿਡ-19: ਸ਼ੰਘਾਈ 'ਚ 4 ਲੱਖ ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਦੀ ਮਿਲੀ ਇਜਾਜ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry