ਸ਼੍ਰੀਲੰਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ''ਚੋਂ ਸਿਰੀਸੇਨਾ ਬਾਹਰ

10/06/2019 7:30:49 PM

ਕੋਲੰਬੋ— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦੂਜੇ ਕਾਰਜਕਾਲ ਦੇ ਲਈ ਰਾਸ਼ਟਰਪਤੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ 16 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਜ਼ਮਾਨਤ ਦੀ ਰਕਮ ਜਮਾ ਨਹੀਂ ਕਰਵਾ ਸਕੇ। ਪਰਚਾ ਦਾਖਲ ਕਰਨ ਦੇ ਲਈ ਜ਼ਮਾਨਤ ਜਮਾ ਕਰਵਾਉਣ ਦੀ ਆਖਰੀ ਤਰੀਕ ਐਤਵਾਰ ਦੁਪਹਿਰੇ 12 ਵਜੇ ਤੱਕ ਸੀ, ਜਿਸ ਦੇ ਆਧਾਰ 'ਤੇ ਸੋਮਵਾਰ ਨੂੰ ਪਰਚਾ ਦਾਖਲ ਕੀਤਾ ਜਾਵੇਗਾ। ਕੁੱਲ 41 ਉਮੀਦਵਾਰਾਂ ਨੇ ਜ਼ਮਾਨਤ ਜਮਾ ਕਰਵਾਈ ਹੈ ਪਰ ਉਨ੍ਹਾਂ 'ਚ ਸਿਰੀਸੇਨਾ ਦਾ ਨਾਂ ਨਹੀਂ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਲਈ ਰਿਕਾਰਡ 41 ਉਮੀਦਵਾਰਾਂ ਨੇ ਜ਼ਮਾਨਤ ਰਾਸ਼ੀ ਜਮਾ ਕਰਵਾਈ ਹੈ। ਉਹ ਵੱਖ-ਵੱਖ ਸਿਆਸੀ ਦਲਾਂ ਤੇ ਆਜ਼ਾਦ ਪਾਰਟੀ ਦੇ ਮੈਂਬਰ ਹਨ। ਇਹ ਇਸ ਅਹੁਦੇ ਲਈ ਚੋਣ ਦੀ ਜ਼ਮਾਨਤ ਰਾਸ਼ੀ ਜਮਾ ਕਰਵਾਉਣ ਵਾਲੇ ਉਮੀਦਵਾਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਇਲਾਵਾ 1982 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਾਬਕਾ ਰਾਸ਼ਟਰਪਤੀ ਉਮੀਦਵਾਰ, ਪ੍ਰਧਾਨ ਮੰਤਰੀ ਤੇ ਵਿਰੋਧੀ ਨੇਤਾ ਉਮੀਦਵਾਰ ਨਹੀਂ ਹਨ। ਰਾਸ਼ਟਰਪਤੀ ਸਿਰੀਸੇਨਾ, ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਤੇ ਮੁੱਖ ਵਿਰੋਧੀ ਨੇਤਾ ਮਹਿੰਦਾ ਰਾਜਪਕਸ਼ੇ ਵੱਖ-ਵੱਖ ਕਾਰਨਾਂ ਕਰਕੇ ਇਸ ਚੋਣ ਮੈਦਾਨ 'ਚ ਨਹੀਂ ਹਨ। ਸ਼ਨੀਵਾਰ ਰਾਜਪਕਸ਼ੇ ਨਾਲ ਮਹੱਤਵਪੂਰਨ ਗੱਲਬਾਤ ਤੋਂ ਬਾਅਦ ਸਿਰੀਸੇਨਾ ਨੇ ਗੋਟਾਭਾਯਾ ਰਾਜਪਕਸ਼ੇ ਦੀ ਉਮੀਦਵਾਰੀ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਹੈ। ਗੋਟਾਭਾਯਾ ਹੁਣ ਮੁੱਖ ਵਿਰੋਧੀ ਉਮੀਦਵਾਰ ਹਨ। ਗੋਟਾਭਾਯਾ ਸੱਤਾਧਾਰੀ ਯੂਨਾਈਟਿਡ ਨੈਸ਼ਨਲ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸਾ ਦੇ ਖਿਲਾਫ ਮੈਦਾਨ 'ਚ ਹਨ। ਉਮੀਦਵਾਰ ਸੋਮਵਾਰ 12 ਵਜੇ ਤੱਕ ਪਰਚਾ ਦਾਖਲ ਕਰ ਸਕਦੇ ਹਨ। ਉਹ 12 ਨਵੰਬਰ ਤੱਕ ਚੋਣ ਪ੍ਰਚਾਰ ਕਰ ਸਕਦੇ ਹਨ ਤੇ 16 ਨਵੰਬਰ ਨੂੰ ਵੋਟਿੰਗ ਕਰਵਾਈ ਜਾਵੇਗੀ।


Baljit Singh

Content Editor

Related News