ਸ਼੍ਰੀਲੰਕਾ 'ਚ ਬੌਧ ਧਰਮ ਗੁਰੂ ਦੀ ਅਪੀਲ- 'ਮੁਸਲਿਮਾਂ ਨੂੰ ਪੱਥਰ ਮਾਰੋ'

06/24/2019 1:13:49 PM

ਕੋਲੰਬੋ (ਬਿਊਰੋ)— ਸ਼੍ਰੀਲੰਕਾ ਵਿਚ ਈਸਟਰ ਐਤਵਾਰ ਨੂੰ ਹੋਏ ਹਮਲੇ ਦੇ ਬਾਅਦ ਤੋਂ ਹੀ ਮੁਸਲਿਮ ਭਾਈਚਾਰਾ ਨਿਸ਼ਾਨੇ 'ਤੇ ਹੈ। ਇਕ ਮੁਸਲਿਮ ਡਾਕਟਰ ਦੇ ਬੌਧ ਔਰਤਾਂ ਦੀ ਗੁਪਤ ਤਰੀਕੇ ਨਾਲ ਨਸਬੰਦੀ ਕਰਾਉਣ ਦੀ ਅਸਪੱਸ਼ਟ ਰਿਪੋਰਟ ਆਉਣ ਦੇ ਬਾਅਦ ਬੌਧ ਭਿਕਸ਼ੂ ਸ਼੍ਰੀ ਗਿਆਨਰਤਨ ਥੇਰੋ ਨੇ ਘੱਟ ਗਿਣਤੀ ਭਾਈਚਾਰੇ ਵਿਰੁੱਧ ਹਿੰਸਾ ਦੀ ਅਪੀਲ ਕੀਤੀ ਹੈ। ਇਸ ਮਗਰੋਂ ਮੁਸਲਿਮ ਭਾਈਚਾਰਾ ਦਹਿਸ਼ਤ ਵਿਚ ਹੈ। ਮੁਸਲਿਮ ਘੱਟ ਗਿਣਤੀ ਭਾਈਚਾਰੇ ਦੇ ਕਾਰਕੁੰਨਾਂ, ਸਿਆਸਤਦਾਨਾਂ ਅਤੇ ਮੈਂਬਰਾਂ ਦਾ ਕਹਿਣਾ ਹੈ ਕਿ ਵਰਾਕਗੌੜਾ ਸ਼੍ਰੀ ਗਿਆਨਰਤਨ ਥੇਰੋ ਦੇ ਭਾਸ਼ਣ ਦੇ ਬਾਅਦ ਫਿਰਕੂ ਤਣਾਅ ਵਧਣਾ ਤੈਅ ਹੈ। 

ਸ਼੍ਰੀਲੰਕਾ ਈਸਟਰ ਹਮਲੇ ਦੇ ਬਾਅਦ ਤੋਂ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਮੁਸਲਿਮਾਂ ਵਿਰੁੱਧ ਫਿਰਕੂ ਦੰਗਿਆਂ ਦੇ ਵਿਚ ਪ੍ਰਭਾਵਸ਼ਾਲੀ ਬੌਧ ਭਿਕਸ਼ੂ ਗਿਆਨਰਤਨ ਥੇਰੋ ਨੇ ਦੁਹਰਾਇਆ ਕਿ ਕੁਰੇਨੇਗਲਾ ਦੇ ਇਕ ਮੁਸਲਿਮ ਡਾਕਟਰ ਨੇ ਗੁਪਤ ਤਰੀਕੇ ਨਾਲ 4000 ਬੌਧ ਔਰਤਾਂ ਦੀ ਨਸਬੰਦੀ ਕੀਤੀ। ਰਾਸ਼ਟਰੀ ਟੀ.ਵੀ. 'ਤੇ ਆਪਣੇ ਇਕ ਭਾਸ਼ਣ ਵਿਚ ਬੌਧ ਭਿਕਸ਼ੂ ਨੇ ਕਿਹਾ,''ਕੁਝ ਮਹਿਲਾ ਭਿਕਸ਼ੂਣੀਆਂ ਦਾ ਕਹਿਣਾ ਹੈ ਕਿ ਡਾਕਟਰ ਜਿਹੇ ਲੋਕਾਂ ਦੀ ਪੱਥਰ ਮਾਰ ਕੇ ਜਾਨ ਲੈ ਲੈਣੀ ਚਾਹੀਦੀ ਹੈ।'' 

ਥੇਰੋ ਨੇ ਕੈਂਡੀ ਸਥਿਤ ਇਕ ਮੰਦਰ ਵਿਚ ਆਪਣੇ ਭਗਤਾਂ ਨੂੰ ਮੁਸਲਿਮਾਂ ਦੀਆਂ ਦੁਕਾਨਾਂ, ਰੈਸਟੋਰੈਂਟਾਂ ਅਤੇ ਕਾਰੋਬਾਰਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਉਸ ਅਫਵਾਹ ਨੂੰ ਦੁਹਰਾਇਆ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਮੁਸਲਿਮ ਰੈਸਟੋਰੈਂਟਾਂ ਵਿਚ ਬੌਧ ਗਾਹਕਾਂ ਨੂੰ ਨਸਬੰਦੀ ਵਾਲੀ ਦਵਾਈ ਮਿਲਾ ਕੇ ਦਿੱਤੀ ਜਾਂਦੀ ਹੈ। ਸ਼ਨੀਵਾਰ ਨੂੰ ਥੇਰੋ ਨੇ ਆਪਣੇ ਬਿਆਨ ਦਾ ਬਚਾਅ ਕਰਦਿਆਂ ਕਿਹਾ,''ਮੈਂ ਸਿਰਫ ਉਹੀ ਗੱਲਾਂ ਕਹੀਆਂ ਹਨ ਜੋ ਬਹੁ ਗਿਣਤੀ ਦੇ ਮਨ ਵਿਚ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ ਬੌਧ ਲੋਕਾਂ ਦੀ ਆਬਾਦੀ 70 ਫੀਸਦੀ ਹੈ ਅਤੇ ਉਨ੍ਹਾਂ ਦੀ ਕੁੱਲ ਆਬਾਦੀ 2.1 ਕਰੋੜ ਹੈ ਜਦਕਿ ਮੁਸਲਿਮ ਭਾਈਚਾਰਾ ਸਿਰਫ 10 ਫੀਸਦੀ ਹੀ ਹੈ।

ਮੁਸਲਿਮ ਭਾਈਚਾਰੇ ਦੀ ਪ੍ਰਤੀਕਿਰਿਆ
ਉੱਧਰ ਕਾਰਕੁੰਨਾਂ ਨੇ ਇਸ ਨੂੰ 'ਹੇਟ ਸਪੀਚ' ਕਰਾਰ ਦਿੱਤਾ ਹੈ ਅਤੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਿਕਸ਼ੂ ਦੇ ਇਸ ਬਿਆਨ ਨਾਲ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਵਿਰੁੱਧ ਹਿੰਸਾ ਭੜਕ ਸਕਦੀ ਹੈ। ਮਨੁੱਖੀ ਅਧਿਕਾਰ ਕਾਰਕੁੰਨ ਸ਼ਿਰੀਨ ਅਬਦੁੱਲ ਸਰੂਰ ਨੇ ਕਿਹਾ,''ਇੰਨੇ ਵੱਡੇ ਅਹੁਦੇ 'ਤੇ ਮੌਜੂਦ ਕੋਈ ਸ਼ਖਸ ਫਰਜ਼ੀ ਦੋਸ਼ ਦੁਹਰਾ ਰਿਹਾ ਹੈ ਅਤੇ ਮੁਸਲਿਮ ਭਾਈਚਾਰੇ ਵਿਰੁੱਧ ਨਫਰਤ ਫੈਲਾ ਰਿਹਾ ਹੈ। ਜੇਕਰ ਨੌਜਵਾਨ ਪੀੜ੍ਹੀ ਇਸ ਨੂੰ ਗੰਭੀਰਤਾ ਨਾਲ ਲੈਂਦੀ ਹੈ ਤਾਂ ਹਿੰਸਾ ਭੜਕ ਸਕਦੀ ਹੈ।''

ਕੈਮਬ੍ਰਿਜ ਯੂਨੀਵਰਸਿਟੀ ਦੀ ਸ਼ੋਧਕਰਤਾ ਫਰਜ਼ਾਨਾ ਹਨੀਫਾ ਮੁਤਾਬਕ,''ਗਿਆਨਰਤਨ ਦਾ ਭਾਸ਼ਣ ਉਨ੍ਹਾਂ ਘਟਨਾਕ੍ਰਮਾਂ ਵਿਚੋਂ ਇਕ ਹੈ ਜਿਨ੍ਹਾਂ ਵਿਚ 21 ਅਪ੍ਰੈਲ ਨੂੰ ਈਸਟਰ ਸੰਡੇ ਨੂੰ ਹੋਏ ਹਮਲੇ ਦੇ ਬਾਅਦ ਮੁਸਲਿਮਾਂ ਵਿਰੁੱਧ ਭਾਵਨਾਵਾਂ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਡੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਜਿਹੇ ਬਿਆਨਾਂ 'ਤੇ ਚੁੱਪੀ ਬਣਾਏ ਹੋਏ ਹਨ।''

Vandana

This news is Content Editor Vandana