ਭਾਰਤ ਸਮੇਤ 48 ਦੇਸ਼ਾਂ ਦੇ ਨਾਗਰਿਕਾਂ ਨੂੰ ਸ਼੍ਰੀਲੰਕਾ ਦੇਵੇਗਾ ਮੁਫਤ ਵੀਜ਼ਾ

08/01/2019 10:50:18 AM

ਢਾਕਾ (ਬਿਊਰੋ)— ਸ਼੍ਰੀਲੰਕਾ ਨੇ ਬੁੱਧਵਾਰ ਨੂੰ ਭਾਰਤ ਸਮੇਤ 48 ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਪਹੁੰਚਣ 'ਤੇ ਇਕ ਮਹੀਨੇ ਦਾ ਮੁਫਤ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਸ਼੍ਰੀਲੰਕਾ ਸਰਕਾਰ ਨੇ ਇਹ ਕਦਮ ਦੇਸ਼ ਵਿਚ ਟੂਰਿਜ਼ਮ ਖੇਤਰ ਨੂੰ ਵਧਾਵਾ ਦੇਣ ਲਈ ਚੁੱਕਿਆ ਹੈ। ਇੱਥੇ ਈਸਟਰ ਦੇ ਦਿਨ ਹੋਏ ਅੱਤਵਾਦੀ ਹਮਲੇ ਦੇ ਬਾਅਦ ਸੈਲਾਨੀਆਂ ਦੀ ਗਿਣਤੀ ਵਿਚ ਕਮੀ ਹੋਈ ਹੈ। ਇਸ ਹਮਲੇ ਵਿਚ 263 ਲੋਕਾਂ ਦੀ ਮੌਤ ਹੋ ਗਈ ਸੀ।

ਟੂਰਿਜ਼ਮ ਮੰਤਰੀ ਜੌਨ ਅਮਾਰਤੁੰਗ ਨੇ ਕਿਹਾ ਕਿ 48 ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਵੀਜ਼ਾ ਫੀਸ ਰੱਦ ਕਰ ਦਿੱਤੀ ਗਈ ਹੈ। ਇਹ ਯੋਜਨਾ ਵੀਰਵਾਰ ਤੋਂ ਸ਼ੁਰੂ ਹੋਵੇਗੀ ਅਤੇ 6 ਮਹੀਨੇ ਤੱਕ ਪ੍ਰਭਾਵੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਕਦਮ ਨਾਲ ਸੈਲਾਨੀਆਂ ਦੇ ਵੱਧਣ ਦੀ ਆਸ ਹੈ। ਭਾਵੇਂਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਫਾਇਦੇਮੰਦ ਸਾਬਤ ਨਹੀਂ ਹੋਇਆ ਤਾਂ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। 

ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇਸ ਦਾ ਲਾਭ ਮਿਲੇਗਾ। ਇਸ ਤੋਂ ਪਹਿਲਾਂ ਈਸਟਰ ਹਮਲੇ ਦੇ ਬਾਅਦ ਸ਼੍ਰੀਲੰਕਾ ਨੇ 39 ਦੇਸ਼ਾਂ ਦੇ ਨਾਗਰਿਕਾਂ ਨੂੰ ਪਹੁੰਚਣ 'ਤੇ ਵੀਜ਼ਾ ਦੇਣ ਦੀ ਯੋਜਨਾ ਟਾਲ ਦਿੱਤੀ ਸੀ। ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਈਸਟਰ ਸੰਡੇ ਦੇ ਦਿਨ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਭਾਰਤੀ ਖੁਫੀਆ ਏਜੰਸੀਆਂ ਤੋਂ ਮਿਲੀ ਚਿਤਾਵਨੀ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਤਾਂ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਸੀ। 
 

Vandana

This news is Content Editor Vandana