ਸ਼੍ਰੀਲੰਕਾ ਨੇ ਡਰੋਨ ਤੇ ਮਨੁੱਖ ਰਹਿਤ ਜਹਾਜ਼ਾਂ 'ਤੇ ਲਾਈ ਪਾਬੰਦੀ

04/25/2019 2:12:19 PM

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਵਿਚ ਬੰਬ ਧਮਾਕਿਆਂ ਦੇ ਬਾਅਦ ਹੁਣ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ। ਇਸ ਕਦਮ ਦੇ ਤਹਿਤ ਸ਼੍ਰੀਲੰਕਾ ਨੇ ਡਰੋਨਾਂ ਅਤੇ ਮਨੁੱਖ ਰਹਿਤ ਜਹਾਜ਼ਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਨੇ ਕਿਹਾ ਕਿ ਇਹ ਪਾਬੰਦੀ ਅਗਲੀ ਸੂਚਨਾ ਆਉਣ ਤੱਕ ਲਾਗੂ ਰਹੇਗੀ। ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਹੈ ਕਿ ਸ਼੍ਰੀਲੰਕਾ ਦੇ ਹਵਾਈ ਖੇਤਰਾਂ ਵਿਚ ਡਰੋਨਾਂ ਅਤੇ ਮਨੁੱਖ ਰਹਿਤ ਜਹਾਜ਼ਾਂ ਦੀ ਵਰਤੋਂ 'ਤੇ ਅਸਥਾਈ ਰੂਪ ਨਾਲ ਪਾਬੰਦੀ ਲਗਾਈ ਗਈ ਹੈ। ਸੀ.ਏ.ਏ. ਨੇ ਦੱਸਿਆ ਕਿ ਦੇਸ਼ ਵਿਚ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। 

ਇੱਥੇ ਦੱਸ ਦਈਏ ਕਿ ਐਤਵਾਰ ਨੂੰ ਸ਼੍ਰੀਲੰਕਾ ਵਿਚ ਈਸਟਰ ਮੌਕੇ ਦੇਸ਼ ਵਿਚ ਹੋਏ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਵਿਚ 350 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਅਤੇ 500 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸੀ। ਇਸ ਵਿਚਕਾਰ ਪ੍ਰਸ਼ਾਸ਼ਨ ਲਗਾਤਾਰ ਫੌਜ ਦੀ ਮਦਦ ਨਾਲ ਤਲਾਸ਼ ਮੁਹਿੰਮ ਚਲਾ ਰਿਹਾ ਹੈ ਅਤੇ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੇਸ਼ ਵਿਚ ਜਾਨਲੇਵਾ ਹਮਲੇ ਦੇ ਸਿਲਸਿਲੇ ਵਿਚ ਹੁਣ ਤੱਕ 75 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕਾਂ ਦਾ ਬੰਬ ਧਮਾਕੇ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਐੱਨ.ਟੀ.ਜੇ. ਨਾਲ ਸੰਬੰਧ ਹੋਣ ਦਾ ਸ਼ੱਕ ਹੈ। ਭਾਵੇਂਕਿ ਐੱਨ.ਟੀ.ਜੇ. ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Vandana

This news is Content Editor Vandana