ਸ਼੍ਰੀਲੰਕਾ ਬਲਾਸਟ ਮਾਮਲੇ ''ਚ 16 ਹੋਰ ਗ੍ਰਿਫਤਾਰ, ਹੁਣ ਤਕ 76 ਦਬੋਚੇ ਗਏ

04/25/2019 12:25:08 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਦੇ ਮੌਕੇ ਗਿਰਜਾਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲਿਆਂ ਅਤੇ ਲੜੀਵਾਰ ਧਮਾਕਿਆਂ ਦੇ ਸਬੰਧ 'ਚ ਹੋਰ 16 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਹਿਰਾਸਤ 'ਚ ਲਏ ਗਏ ਲੋਕਾਂ ਦੀ ਗਿਣਤੀ 76 ਹੋ ਗਈ ਹੈ। ਇਨ੍ਹਾਂ ਹਮਲਿਆਂ 'ਚ 359 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੋਰ 500 ਲੋਕ ਜ਼ਖਮੀ ਹੋ ਗਏ ਹਨ। 

ਫੌਜ ਦੀ ਮਦਦ ਨਾਲ ਸ਼੍ਰੀਲੰਕਾਈ ਅਧਿਕਾਰੀਆਂ ਦੀ ਤਲਾਸ਼ ਜਾਰੀ ਹੈ। ਜਾਂਚ ਅਧਿਕਾਰੀ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਹਮਲਿਆਂ ਦੇ ਸਿਲਸਿਲੇ 'ਚ ਪੁੱਛ-ਪੜਤਾਲ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਕਈਆਂ ਦੇ ਨੈਸ਼ਨਲ ਤੌਹੀਦ ਜਮਾਤ ਨਾਲ ਸ਼ੱਕੀ ਸਬੰਧ ਹਨ। ਹਾਲਾਂਕਿ ਉਨ੍ਹਾਂ ਵਲੋਂ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਗਈ। ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ।

ਅਧਿਕਾਰੀਆਂ ਨੇ ਤਲਾਸ਼ ਮੁਹਿੰਮ 'ਚ ਪੁਲਸ ਦੀ ਮਦਦ ਲਈ ਹਜ਼ਾਰਾਂ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਦੇਸ਼ 'ਚ ਤਕਰੀਬਨ 5000 ਫੌਜੀ ਤਾਇਨਾਤ ਹਨ। ਫੌਜ ਬੁਲਾਰੇ ਬ੍ਰਿਗੇਡੀਅਰ ਸੁਮਿਤ ਅਟਾਪੱਟੂ ਨੇ ਕਿਹਾ,''ਪਿਛਲੇ 24 ਘੰਟਿਆਂ 'ਚ ਕੋਈ ਵੱਡੀ ਘਟਨਾ ਨਹੀਂ ਹੋਈ। ਅਸੀਂ 6300 ਫੌਜੀ ਤਾਇਨਾਤ ਕੀਤੇ ਹਨ। ਇਨ੍ਹਾਂ 'ਚ ਹਵਾਈ ਫੌਜ ਦੇ 1000 ਅਤੇ ਸਮੁੰਦਰੀ ਫੌਜ ਦੇ 600 ਫੌਜੀ ਸ਼ਾਮਲ ਹਨ। ਇਸ ਵਿਚਕਾਰ ਪੁਗੋਡਾ 'ਚ ਮੈਜੀਸਟ੍ਰੇਟ ਅਦਾਲਤ ਦੇ ਪਿੱਛੇ ਇਕ ਮਾਮੂਲੀ ਧਮਾਕਾ ਹੋਇਆ। ਧਮਾਕੇ 'ਚ ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।