ਸ਼੍ਰੀਲੰਕਾ ਧਮਾਕੇ ''ਚ 2 ਆਸਟ੍ਰੇਲੀਅਨ ਨਾਗਰਿਕਾਂ ਦੀ ਮੌਤ ਤੇ 2 ਜ਼ਖਮੀ

04/22/2019 3:44:56 PM

ਕੋਲੰਬੋ\ਸਿਡਨੀ— ਐਤਵਾਰ ਨੂੰ ਸ਼੍ਰੀਲੰਕਾ 'ਚ ਹੋਏ 8 ਲੜੀਵਾਰ ਧਮਾਕਿਆਂ 'ਚ ਹੁਣ ਤਕ 290 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 2 ਆਸਟ੍ਰੇਲੀਅਨ ਨਾਗਰਿਕ ਵੀ ਸਨ। ਅਧਿਕਾਰੀਆਂ ਨੇ ਦੱਸਿਆ ਕਿ 500 ਤੋਂ ਵਧੇਰੇ ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਦੱਸਿਆ ਕਿ ਜ਼ਖਮੀਆਂ 'ਚ 2 ਆਸਟ੍ਰੇਲੀਅਨ ਔਰਤਾਂ ਵੀ ਹਨ। ਇਕ 50 ਸਾਲਾ ਆਸਟ੍ਰੇਲੀਅਨ ਔਰਤ ਅਤੇ ਇਕ 20 ਸਾਲਾ ਲੜਕੀ ਦਾ ਇਲਾਜ ਚੱਲ ਰਿਹਾ ਹੈ। ਇਕ ਦੇ ਕਾਫੀ ਸੱਟਾਂ ਲੱਗੀਆਂ ਹਨ ਅਤੇ ਦੂਜੀ ਦੀ ਲੱਤ ਟੁੱਟ ਗਈ ਹੈ।
ਸ਼੍ਰੀਲੰਕਾ 'ਚ ਆਸਟ੍ਰੇਲੀਅਨ ਹਾਈ ਕਮਿਸ਼ਨ ਇਸ 'ਤੇ ਕੰਮ ਕਰ ਰਹੇ ਹਨ ਅਤੇ ਆਸਟ੍ਰੇਲੀਅਨ ਅਧਿਕਾਰੀਆਂ ਨਾਲ ਸੰਪਰਕ 'ਚ ਹਨ। 27 ਸਾਲਾ ਆਸਟ੍ਰੇਲੀਅਨ ਵਿਅਕਤੀ ਸੈਮ ਨੇ ਦੱਸਿਆ ਕਿ ਉਸ ਸਮੇਂ ਉਹ ਵੀ ਹੋਟਲ 'ਚ ਮੌਜੂਦ ਸੀ, ਜਿੱਥੇ ਧਮਾਕਾ ਹੋਇਆ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਸੁਰੱਖਿਅਤ ਬਚ ਗਏ । ਉਨ੍ਹਾਂ ਦੀ ਇਕ ਹੋਰ ਮਹਿਲਾ ਦੋਸਤ ਵੀ ਵਾਲ-ਵਾਲ ਬਚ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਬਹੁਤ ਸਾਰੇ ਬੱਚੇ ਅਤੇ ਲੋਕ ਜ਼ਮੀਨ 'ਤੇ ਡਿੱਗੇ ਹੋਏ ਸਨ ਅਤੇ ਕਈ ਚੀਕਾਂ ਮਾਰ ਰਹੇ ਸਨ। ਇੰਝ ਲੱਗਦਾ ਸੀ ਕਿ ਜਿਵੇਂ ਖੂਨ ਦੀ ਨਦੀ ਵਗ ਰਹੀ ਹੋਵੇ। ਉਨ੍ਹਾਂ ਦੱਸਿਆ ਕਿ ਇਹ ਦਰਦਨਾਕ ਮੰਜ਼ਰ ਉਹ ਕਦੇ ਭੁਲਾ ਨਹੀਂ ਸਕਦੇ। ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ 35 ਵਿਦੇਸ਼ੀ ਨਾਗਰਿਕ ਹਨ, ਜਿਨ੍ਹਾਂ 'ਚ ਭਾਰਤ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।