ਸ੍ਰੀਲੰਕਾ ਦੇ ਸੁਰੱਖਿਆ ਬਲਾਂ ਨੇ ਰਾਸ਼ਟਰਪਤੀ ਸਕੱਤਰੇਤ ''ਚ ਡਟੇ 9 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ

07/22/2022 5:22:48 PM

ਕੋਲੰਬੋ (ਏਜੰਸੀ)- ਸ੍ਰੀਲੰਕਾ ਦੇ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਤੜਕੇ ਕੋਲੰਬੋ ਦੇ ਰਾਸ਼ਟਰਪਤੀ ਸਕੱਤਰੇਤ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਮੁੱਖ ਕੈਂਪ 'ਤੇ ਕਾਰਵਾਈ ਕਰਦਿਆਂ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੁਰੱਖਿਆ ਬਲਾਂ ਦੀ ਕਾਰਵਾਈ 'ਚ ਕਈ ਲੋਕ ਜ਼ਖਮੀ ਵੀ ਹੋ ਗਏ। ਗੋਟਾਬਾਯਾ ਰਾਜਪਕਸ਼ੇ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਇਸ ਸੰਵੇਦਨਸ਼ੀਲ ਖੇਤਰ ਵਿੱਚ ਡੇਰਾ ਲਾਇਆ ਹੋਇਆ ਸੀ। ਸਾਬਕਾ ਰਾਸ਼ਟਰਪਤੀ ਰਾਜਪਕਸ਼ੇ ਪਿਛਲੇ ਹਫ਼ਤੇ ਦੇਸ਼ ਛੱਡ ਕੇ ਚਲੇ ਗਏ ਸਨ, ਜਿਸ ਤੋਂ ਬਾਅਦ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ।

ਵਿਕਰਮਾਸਿੰਘੇ ਦੇ ਰਾਸ਼ਟਰਪਤੀ ਬਣਨ ਤੋਂ ਇਕ ਦਿਨ ਬਾਅਦ ਹੀ ਸਕੱਤਰੇਤ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਵਿਕਰਮਸਿੰਘੇ ਨੇ ਸੀਨੀਅਰ ਨੇਤਾ ਦਿਨੇਸ਼ ਗੁਣਵਰਧਨੇ ਨੂੰ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਹ ਪਹਿਲੀ ਨਿਯੁਕਤੀ ਕੀਤੀ। 'ਡੇਲੀ ਮਿਰਰ ਲੰਕਾ' ਨੇ ਦੱਸਿਆ ਕਿ ਪੁਲਸ ਨੇ ਰਾਸ਼ਟਰਪਤੀ ਸਕੱਤਰੇਤ ਦੇ ਦਫ਼ਤਰ, ਇਸਦੇ ਮੁੱਖ ਪ੍ਰਵੇਸ਼ ਦੁਆਰ ਅਤੇ ਕੋਲੰਬੋ ਫੋਰਟ ਵਿੱਚ ਦਫ਼ਤਰ ਦੇ ਆਲੇ-ਦੁਆਲੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਤਿੰਨ ਹਥਿਆਰਬੰਦ ਬਲਾਂ ਅਤੇ ਇੱਕ ਵਿਸ਼ੇਸ਼ ਟਾਸਕ ਫੋਰਸ ਦੀ ਮਦਦ ਨਾਲ ਹਟਾ ਦਿੱਤਾ। ਇਸ ਦੌਰਾਨ 9 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਉਮਰ 26 ਤੋਂ 58 ਸਾਲ ਦੇ ਵਿਚਕਾਰ ਹੈ।


cherry

Content Editor

Related News