ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਭ੍ਰਿਸ਼ਟਾਚਾਰ ਦੇ ਸਭ ਦੋਸ਼ਾਂ ਤੋਂ ਮੁਕਤ ਕਰਾਰ

11/21/2019 9:29:36 PM

ਕੋਲੰਬੋ - ਸ਼੍ਰੀਲੰਕਾ ਦੀ ਹਾਈ ਕੋਰਟ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਇਆ ਨੂੰ ਵੀਰਵਾਰ ਭ੍ਰਿਸ਼ਟਾਚਾਰ ਦੇ ਸਭ ਦੋਸ਼ਾਂ ਤੋਂ ਮੁਕਤ ਕਰਾਰ ਦਿੱਤਾ। ਨਾਲ ਹੀ ਉਨ੍ਹਾਂ ਦੀ ਵਿਦੇਸ਼ ਯਾਤਰਾ ’ਤੇ ਲੱਗੀ ਪਾਬੰਦੀ ਨੂੰ ਵੀ ਖਤਮ ਕਰ ਦਿੱਤਾ। ਪੱਛਮੀ ਸੂਬੇ ਸਥਿਤ ਹਾਈ ਕੋਰਟ ਨੇ ਰਜਿਸਟਰਾਰ ਨੂੰ ਰਾਸ਼ਟਰਪਤੀ ਦਾ ਜ਼ਬਤ ਕੀਤਾ ਪਾਸਪੋਰਟ ਵਾਪਸ ਕਰਨ ਲਈ ਕਿਹਾ। ਗੋਟਬਾਇਆ 28 ਨਵੰਬਰ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਭਾਰਤ ਆਉਣਗੇ।

ਡਿਪਟੀ ਸਾਲਿਸਟਰ ਜਨਰਲ ਦਲੀਪ ਨੇ ਅਦਾਲਤ ਨੂੰ ਦੱਸਿਆ ਕਿ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਵਿਰੁੱਧ ਕਿਸੇ ਤਰ੍ਹਾਂ ਦਾ ਕੋਈ ਵੀ ਮੁਕੱਦਮਾ ਨਾ ਤਾਂ ਦਾਇਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਚਲਾਇਆ ਜਾ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਸਭ ਦੋਸ਼ਾਂ ਤੋਂ ਮੁਕਤ ਕਰਨਾ ਹੋਵੇਗਾ। ਇਸ ਪਿੱਛੋਂ ਅਦਾਲਤ ਨੇ 3.39 ਕਰੋੜ ਰੁਪਏ ਦੇ ਸਰਕਾਰੀ ਧਨ ਦੇ ਕਥਿਤ ਗਬਨ ਦੇ ਦੋਸ਼ਾਂ ਤੋਂ ਗੋਟਬਾਇਆ ਨੂੰ ਮੁਕਤ ਕਰਨ ਦਾ ਫੈਸਲਾ ਕੀਤਾ। ਗੋਟਬਾਇਆ ’ਤੇ ਪਿਛਲੇ ਸਾਲ ਸਤੰਬਰ ਵਿਚ ਵੱਖ-ਵੱਖ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ।

Khushdeep Jassi

This news is Content Editor Khushdeep Jassi