ਸ਼੍ਰੀਲੰਕਾ : ਮੰਤਰੀ ਦਾ ਦੋਸ਼, ਰਾਸ਼ਟਰਪਤੀ ਉਮੀਦਵਾਰ ਖਿਲਾਫ ਪੋਸਟ ਕੀਤੀ ਡਿਲੀਟ

11/11/2019 7:44:08 PM

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਇਕ ਸੀਨੀਅਰ ਮੰਤਰੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਨੇ ਧਾਕੜ ਫੇਸਬੁੱਕ 'ਤੇ ਦੋਸ਼ ਲਗਾਇਆ ਕਿ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਗੋਤਬਾਇਆ ਰਾਜਪਕਸ਼ੇ ਦੀ ਅਮਰੀਕੀ ਨਾਗਰਿਕਤਾ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਫੇਸਬੁੱਕ ਨੇ ਹਟਾ ਦਿੱਤਾ ਹੈ। ਸ਼੍ਰੀਲੰਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਕੱਦਾਵਰ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਛੋਟੇ ਭਰਾ ਗੋਤਬਾਇਆ ਰਾਜਪਕਸ਼ੇ ਦੀ ਅਮਰੀਕੀ ਨਾਗਰਿਕਤਾ ਚੋਣਾਂ ਤੋਂ ਪਹਿਲਾਂ ਮਹੱਤਵਪੂਰਨ ਮੁੱਦਾ ਬਣ ਗਈ ਹੈ। ਸ਼੍ਰੀਲੰਕਾ ਦੇ ਕਾਨੂੰਨ ਮੁਤਾਬਕ ਦੋਹਰੀ ਨਾਗਰਿਕਤਾ ਰੱਖਣ ਵਾਲਾ ਕੋਈ ਵੀ ਵਿਅਕਤੀ ਚੋਣਾਂ ਨਹੀਂ ਲੜ ਸਕਦਾ।

ਸੰਚਾਰ ਮੰਤਰੀ ਹਰਿਨ ਫਰਨਾਂਡੋ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਮੰਤਰਾਲੇ ਦੇ ਪੇਜ ਤੋਂ ਇਕ ਫੇਸਬੁੱਕ ਪੋਸਟ ਕਰਕੇ ਪੁੱਛਿਆ ਕਿ ਕੀ ਰਾਜਪਕਸ਼ੇ ਨੂੰ ਚੋਣਾਂ ਲੜਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਗੋਤਬਾਇਆ ਰਾਜਪਕਸ਼ੇ ਨੇ ਅਮਰੀਕੀ ਨਾਗਰਿਕਤਾ ਨਹੀਂ ਛੱਡੀ ਹੈ। ਫਰਨਾਂਡੋ ਨੇ ਪੋਸਟ ਕਰਕੇ ਪੁੱਛਿਆ ਸੀ, ਕੀ ਰਾਜਪਕਸ਼ੇ ਕਾਨੂੰਨੀ ਤੌਰ 'ਤੇ ਸ਼੍ਰੀਲੰਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਲੜਣ ਵਿਚ ਸਮਰੱਥ ਹਨ? ਚੁਣੇ ਜਾਣ 'ਤੇ ਕੀ ਉਹ ਸਹੁੰ ਚੁੱਕਣ ਅਤੇ ਦਫਤਰ ਵਿਚ ਆਪਣੇ ਫਰਜ਼ਾਂ ਨੂੰ ਨਿਭਾਉਣ ਦੇ ਸਮਰੱਥ ਹੋਣਗੇ?

ਦੱਸ ਦਈਏ ਕਿ 20 ਸਾਲ ਤੱਕ ਫੌਜ ਵਿਚ ਕੰਮ ਕਰਨ ਤੋਂ ਬਾਅਦ ਗੋਤਬਾਇਆ ਲਾਸ ਏਂਜਲਸ ਚਲੇ ਗਏ ਸਨ ਅਤੇ ਉਨ੍ਹਾਂ ਨੇ 2003 ਵਿਚ ਅਮਰੀਕਾ ਵਿਚ ਪਨਾਹ ਲੈ ਲਈ ਸੀ। 2005 ਵਿਚ ਉਹ ਵਾਪਸ ਕੋਲੰਬੋ ਆ ਗਏ ਅਤੇ ਸ਼੍ਰੀਲੰਕਾਈ ਨਾਗਰਿਕਤਾ ਹਾਸਲ ਕਰਕੇ ਆਪਣੇ ਭਰਾ ਦੇ ਪ੍ਰਸ਼ਾਸਨ ਵਿਚ ਰੱਖਿਆ ਸਕੱਤਰ ਨਿਯੁਕਤ ਕੀਤੇ ਗਏ। ਗੋਤਬਾਇਆ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਇਸ ਸਾਲ ਮਈ ਵਿਚ ਅਮਰੀਕੀ ਨਾਗਰਿਕਤਾ ਤਿਆਗ ਦਿੱਤੀ ਹੈ। ਸ਼੍ਰੀਲੰਕਾ ਵਿਚ 16 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਹੋਣੀ ਹੈ। ਸ਼੍ਰੀਲੰਕਾ ਦੀਆਂ 16 ਰਾਜਨੀਤਕ ਪਾਰਟੀਆਂ ਨੇ ਰਾਸ਼ਟਰਪਤੀ ਚੋਣਾਂ ਵਿਚ ਮਹਿੰਦਾ ਰਾਜਪਕਸ਼ੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। 16 ਪਾਰਟੀਆਂ ਦੇ ਇਸ ਗਠਜੋੜ ਦਾ ਨਾਂ ਸ਼੍ਰੀਲੰਕਾ ਪੀਪਲਜ਼ ਫ੍ਰੀਡਮ ਅਲਾਇੰਸ ਰੱਖਿਆ ਗਿਆ ਹੈ।

Sunny Mehra

This news is Content Editor Sunny Mehra