ਗੋਤਬਾਯਾ ਨੇ ਅੰਤਰਿਮ ਕੈਬਨਿਟ ਦੀ ਕੀਤੀ ਨਿਯੁਕਤੀ

11/22/2019 5:41:43 PM

ਕੋਲੰਬੋ (ਬਿਊਰੋ): ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਸ਼ੁੱਕਰਵਾਰ ਨੂੰ ਅੰਤਰਿਮ ਕੈਬਨਿਟ ਦੀ ਨਿਯੁਕਤੀ ਕੀਤੀ। ਇਹ ਕੈਬਨਿਟ ਅਗਲੀਆਂ ਸੰਸਦੀ ਚੋਣਾਂ ਤੱਕ ਸਰਕਾਰ ਦਾ ਸੰਚਾਲਨ ਕਰੇਗੀ। ਕੈਬਨਿਟ ਵਿਚ 16 ਮੈਂਬਰ ਹਨ। ਕੈਬਨਿਟ ਵਿਚ ਰਾਸ਼ਟਰਪਤੀ ਦੇ ਭਰਾ ਮਹਿੰਦਾ ਰਾਜਪਕਸ਼ੇ (74) ਤੇ ਚਮਲ ਰਾਜਪਕਸ਼ੇ (77), ਦੋ ਤਮਿਲ ਭਾਸ਼ੀ ਅਤੇ ਇਕ ਮਹਿਲਾ ਵੀ ਸ਼ਾਮਲ ਹੈ। ਸਹੁੰ ਚੁੱਕ ਸਮਾਰੋਹ ਦੌਰਾਨ ਗੋਤਬਾਯਾ ਨੇ ਕਿਹਾ,''ਇਹ ਇਕ ਅੰਤਰਿਮ ਸਰਕਾਰ ਹੈ।'' 

ਉਨ੍ਹਾਂ ਨੇ ਦੱਸਿਆ ਕਿ ਰਾਜ ਮੰਤਰੀਆਂ ਦੀ ਨਿਯੁਕਤੀ ਅਗਲੇ ਹਫਤੇ ਕੀਤੀ ਜਾਵੇਗੀ। ਰਾਸ਼ਟਰਪਤੀ ਹੋਣ ਦੇ ਨਾਤੇ ਰਾਜਪਕਸ਼ੇ ਮੰਤਰਾਲਿਆਂ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਪਰ ਉਹ ਕੈਬਨਿਟ ਦੇ ਪ੍ਰਮੱਖ ਹਨ। ਨਵੇਂ ਕੈਬਨਿਟ ਵਿਚ ਪ੍ਰਧਾਨ ਮੰਤਰੀ ਅਹੁਦੇ 'ਤੇ ਮਹਿੰਦਾ ਰਾਜਪਕਸ਼ੇ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰੱਖਿਆ ਅਤੇ ਵਿੱਤ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਜਦਕਿ ਚਮਲ ਰਾਜਪਕਸ਼ੇ ਕੋਲ ਵਪਾਰ ਅਤੇ ਖਾਧ ਸੁਰੱਖਿਆ ਮੰਤਰਾਲੇ ਦਾ ਚਾਰਜ ਹੈ। 

ਮਾਰਕਸਵਾਦੀ ਵਿਚਾਰਧਾਰਾ ਦੇ ਨੇਤਾ 70 ਸਾਲਾ ਗੁਣਵਰਧਨਾ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਅਗਲੀਆਂ ਸੰਸਦੀ ਚੋਣਾਂ ਅਗਸਤ 2020 ਦੇ ਬਾਅਦ ਹੋਣੀਆਂ ਹਨ। ਪ੍ਰਧਾਨ ਮੰਤਰੀ ਨੂੰ ਸਿਰਫ ਉਦੋਂ ਹੀ ਹਟਾਇਆ ਜਾ ਸਕਦਾ ਹੈ ਜਦੋਂ ਉਨ੍ਹਾਂ ਨੇ ਅਸਤੀਫਾ ਦਿੱਤਾ ਹੋਵੇ ਪਰ ਗੋਤਬਾਯਾ ਦੀ ਜਿੱਤ ਦੇ ਬਾਅਦ ਨਵੀਆਂ ਸੰਸਦੀ ਚੋਣਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ।

Vandana

This news is Content Editor Vandana