ਮੈਲਬੋਰਨ ''ਚ ਹੋਇਆ ਫਿਲਮ ''ਮੰਜੇ ਬਿਸਤਰੇ'' ਦਾ ਵਿਸ਼ੇਸ਼ ਪ੍ਰੀਮੀਅਰ

04/13/2017 11:38:20 AM

 ਮੈਲਬੋਰਨ,(ਮਨਦੀਪ ਸਿੰਘ ਸੈਣੀ)— ਪੰਜਾਬੀ ਸਿਨਮੇ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕਰ ਚੁੱਕੀ ਪੰਜਾਬੀ ਫਿਲਮ ''ਅਰਦਾਸ'' ਤੋਂ ਬਾਅਦ ਨਿਰਮਾਤਾ ਗਿੱਪੀ ਗਰੇਵਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਆਪਣੀ ਨਵੀਂ ਫਿਲਮ ''ਮੰਜੇ ਬਿਸਤਰੇ'' ਨਾਲ ਇੱਕ ਵਾਰ ਫਿਰ ਹਾਜ਼ਰ ਹਨ। ਬੀਤੇ ਬੁੱਧਵਾਰ ਨੂੰ ਫਿਲਮ ''ਮੰਜੇ ਬਿਸਤਰੇ'' ਦਾ ਸ਼ਾਨਦਾਰ ਪ੍ਰੀਮੀਅਰ ਮੈਲਬੌਰਨ ਦੇ ''ਵਿਲੇਜ਼ ਸਿਨਮਾ'' ਵਿੱਚ ਕੀਤਾ ਗਿਆ। ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਵਿੱਚ ਸਕੇ ਸੰਬੰਧੀਆਂ ਦਾ 15 ਦਿਨ ਪਹਿਲਾਂ ਆਉਣਾ ਸ਼ੁਰੂ ਹੋ ਜਾਂਦਾ ਸੀ ਤੇ ਘਰ ਵਾਲੇ ਮਹਿਮਾਨਾਂ ਦੇ ਆਰਾਮ ਲਈ ਆਪਣੇ ਆਂਢ-ਗੁਆਂਢ ''ਚੋਂ ਮੰਜੇ-ਬਿਸਤਰੇ ਇੱਕਠੇ ਕਰਨੇ ਸ਼ੁਰੂ ਕਰ ਦਿੰਦੇ ਸਨ, ਇਸੇ ''ਤੇ ਫਿਲਮ ਦੀ ਕਹਾਣੀ ਆਧਾਰਿਤ ਹੈ। ਸੰਨ ਨੱਬੇ ਦੇ ਦਹਾਕੇ ''ਤੇ ਬਣੀ ਇਸ ਫਿਲਮ ਵਿੱਚ ਪਿਆਰ, ਇਤਫਾਕ, ਪਹਿਰਾਵਾ, ਆਪਸੀ ਸਾਂਝ,ਰੀਤੀ-ਰਿਵਾਜ਼ਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਖੂਬਸੂਰਤ ਢੰਗ ਨਾਲ ਪਰਦੇ ''ਤੇ ਪੇਸ਼ ਕੀਤਾ ਹੈ। 

ਨਿਰਦੇਸ਼ਕ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ,ਗੁਰਪ੍ਰੀਤ ਘੁੱਗੀ,ਰਾਣਾ ਰਣਬੀਰ,ਕਰਮਜੀਤ ਅਨਮੋਲ,ਸਰਦਾਰ ਸੋਹੀ, ਹਰਿੰਦਰ ਭੁੱਲਰ, ਅਨੀਤਾ ਦੇਵਗਨ, ਬੀ.ਐੱਨ ਸ਼ਰਮਾ ਸਮੇਤ ਕਈ ਕਲਾਕਾਰਾਂ ਨੇ ਆਪਣੇ ਅਭਿਨੈ ਦੇ ਜੌਹਰ ਵਿਖਾਏ ਹਨ। ਆਸਟਰੇਲੀਆ ਵਿੱਚ ਇਸ ਫਿਲਮ ਦੇ ਪ੍ਰਬੰਧਕ ਸਿੱਪੀ ਗਰੇਵਾਲ, ਸੱਤੀ ਗਰੇਵਾਲ ਅਤੇ ਸੁੱਖਾ ਸਿੰਘ ਨੇ ਦੱਸਿਆ ਕਿ ਇਹ ਇੱਕ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ ਜੋ ਹਰ ਵਰਗ ਦੇ ਸਰੋਤਿਆਂ ਨੂੰ ਪਸੰਦ ਆਵੇਗੀ। ਇਹ ਫਿਲਮ ਦੁਨੀਆਂ ਭਰ ਵਿੱਚ 14 ਅਪ੍ਰੈਲ਼ ਨੂੰ ਰੀਲੀਜ਼ ਹੋਣ ਜਾ ਰਹੀ ਹੈ।