ਅਮਰੀਕਾ : ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਗੁਰਪੂਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ

04/26/2022 12:51:05 PM

ਸਿਨਸਿਨਾਟੀ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੂਆਰਾ ਸਾਹਿਬ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਵਿਖੇ ਸ਼ਹੀਦਾਂ ਦੇ ਸਰਤਾਜ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਨੋਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰਿਸਟ ਦੀ ਚਾਦਰ ਜੀ ਦੇ 401ਵੇਂ ਪ੍ਰਕਾਸ਼ ਗੁਰਪੁਰਬ ਅਤੇ 400 ਸਾਲਾ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਨੂੰ ਸਮਰਪਿਤ ਤਿੰਨ ਦਿਨਾਂ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ। ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਇਹ ਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ।

ਪੜ੍ਹੋ ਇਹ ਅਹਿਮ ਖ਼ਬਰ- ਰੋਮ 'ਚ ਖਾਲਸਾਈ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਨਾਲ ਸਜਾਇਆ ਗਿਆ ਮਹਾਨ ਨਗਰ ਕੀਰਤਨ (ਤਸਵੀਰਾਂ)

ਇਹਨਾਂ ਤਿੰਨ ਦਿਨਾਂ ਕੀਰਤਨ ਸਮਾਗਮਾਂ ਲਈ ਪਹੁੰਚੇ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਜੱਥੇ ਨੇ ਰੱਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੂਆਰਾ ਸਾਹਿਬ ਦੇ ਕੀਰਤਨੀ ਜੱਥੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ ਨੇ ਵੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਗੁਰੁ ਸਾਹਿਬ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਆਈ ਸੰਗਤ ਨੂੰ ਜਾਣਕਾਰੀ ਦਿੱਤੀ।ਭਾਈ ਰਵਿੰਦਰ ਸਿੰਘ ਜੀ ਦਾ ਕੀਰਤਨੀ ਜੱਥਾ ਪਹਿਲੀ ਵਾਰ ਓਹਾਇਓ ਵਿਖੇ ਕੀਰਤਨ ਦੀ ਸੇਵਾ ਲਈ ਪੁੱਜਾ ਸੀ। ਉਹਨਾਂ ਦੇ ਜੱਥੇ ਨੂੰ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।

ਇਹਨਾਂ ਵਿਸ਼ੇਸ਼ ਸਮਾਗਮਾਂ ਵਿੱਚ ਸਿਨਸਿਨਾਟੀ ਦੇ ਲਾਗਲੇ ਸ਼ਹਿਰਾਂ ਡੇਟਨ, ਕੋਲੰਬਸ ਤੋਂ ਇਲਾਵਾ ਨਾਲ ਲੱਗਦੇ ਸੂਬੇ ਕੈਨਟੱਕੀ, ਇੰਡੀਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਦੋਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਤਿੰਨ ਦਿਨਾਂ ਲਈ ਚੱਲੇ ਇਹਨਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।ਇਸ ਦੌਰਾਨ ਗੁਰਦੂਆਰਾ ਸਾਹਿਬ ਵਿਖੇ ਦਿਲ ਦੇ ਰੋਗਾਂ ਨਾਲ ਸੰਬੰਧਿਤ ਇਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਸੰਗਤਾਂ ਦੇ ਈਕੇਜੀ, ਈਸੀਜੀ ਟੈਸਟ ਕੀਤੇ ਗਏ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਮੈਡੀਕਲ ਜਾਂਚ ਕੀਤੀ ਅਤੇ ਹਰੇਕ ਵਿਅਕਤੀ ਨੂੰ ਜਾਂਚ ਰਿਪੋਰਟ ਵੀ ਦਿੱਤੀਆਂ ਗਈਆਂ।

Vandana

This news is Content Editor Vandana