'ਨਿਪਾਹ' ਤੋਂ ਵੀ ਭਿਆਨਕ ਸੀ ਇਹ ਵਾਇਰਸ, ਗਈਆਂ ਸਨ ਲੱਖਾਂ ਜਾਨਾਂ

05/24/2018 5:57:13 PM

ਵਾਸ਼ਿੰਗਟਨ— ਕੇਰਲ 'ਚ ਇਨ੍ਹੀਂ ਦਿਨੀਂ 'ਨਿਪਾਹ' ਨਾਂ ਦਾ ਵਾਇਰਸ ਫੈਲਿਆ ਹੋਇਆ ਹੈ। ਇਸ ਨਾਲ ਹੁਣ ਤੱਕ ਇਕ ਦਰਜਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਾਇਰਸ ਦੇ ਫੈਲਣ ਤੋਂ ਬਾਅਦ ਹੋਰ ਸੂਬਿਆਂ ਵਿਚ ਵੀ ਅਲਰਟ ਜਾਰੀ ਕਰ ਦਿੱਤੇ ਗਏ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਨਿਪਾਹ ਵਾਇਰਸ ਤੋਂ ਪਹਿਲਾਂ ਵੀ ਇਕ ਵਾਇਰਸ ਫੈਲਿਆ ਸੀ, ਜੋ ਕਿ ਬਹੁਤ ਭਿਆਨਕ ਸੀ। ਇਸ ਵਾਇਰਸ ਨੂੰ ਸਪੈਨਿਸ਼ ਵਾਇਰਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ। 
ਇਹ ਵਾਇਰਸ ਪਹਿਲੇ ਵਿਸ਼ਵ ਯੁੱਧ ਦੇ ਸਮੇਂ 1918 'ਚ ਫੈਲਿਆ ਸੀ। ਇਹ ਇੰਨੀ ਤੇਜ਼ੀ ਨਾਲ ਫੈਲਿਆ ਸੀ ਕਿ ਲੱਖਾਂ ਲੋਕ ਇਸ ਦੀ ਲਪੇਟ ਵਿਚ ਆ ਗਏ ਸਨ। ਇਸ ਵਾਇਰਸ ਨੇ ਸਭ ਤੋਂ ਵਧ ਕਹਿਰ ਅਮਰੀਕਾ ਵਿਚ ਵਰ੍ਹਾਇਆ ਸੀ। ਇਸ ਵਾਇਰਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਵਾਇਰਸ ਫੈਲਦਾ ਸੀ ਤਾਂ ਇਸ ਦੇ ਲੱਛਣ ਸਮਝ ਨਹੀਂ ਆਉਂਦੇ ਸਨ। ਹੌਲੀ-ਹੌਲੀ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਸੀ। ਇਸ ਭਿਆਨਕ ਵਾਇਰਸ ਕਾਰਨ ਕੁਝ ਹੀ ਘੰਟਿਆਂ ਵਿਚ ਮਰੀਜ਼ ਦੀ ਮੌਤ ਹੋ ਜਾਂਦੀ ਸੀ। ਇਸ ਵਾਇਰਸ ਨੇ ਲੱਖਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਸ ਸਮੇਂ ਇਸ ਵਾਇਰਸ ਨੇ ਭਿਆਨਕ ਮਹਾਮਾਰੀ ਦਾ ਰੂਪ ਲੈ ਲਿਆ ਸੀ। ਇਸ ਵਾਇਰਸ ਨਾਲ ਨਜਿੱਠਣ ਦਾ ਕੋਈ ਉਪਾਅ ਨਹੀਂ ਸੀ, ਅਜਿਹੇ ਵਿਚ ਸਰਕਾਰ ਨੇ ਸਕੂਲ, ਕਾਲਜ ਅਤੇ ਬਾਜ਼ਾਰ ਬੰਦ ਕਰਵਾ ਦਿੱਤੇ ਸਨ ਤਾਂ ਕਿ ਵੱਡੇ ਪੱਧਰ 'ਤੇ ਲੋਕ ਇਸ ਵਾਇਰਸ ਤੋਂ ਬਚ ਸਕਣ। ਇਸ ਦੇ ਬਾਵਜੂਦ ਇਸ ਵਾਇਰਸ ਨੇ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। 
ਆਓ ਜਾਣਦੇ ਹਾਂ ਨਿਪਾਹ ਵਾਇਰਸ ਬਾਰੇ—
ਸਾਲ 1988 'ਚ ਪਹਿਲੀ ਵਾਰ ਮਲੇਸ਼ੀਆ ਦੇ ਕਾਂਪੁੰਗ ਸੁਗਈ ਨਿਪਾਹ 'ਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਇਸ ਵਜ੍ਹਾ ਤੋਂ ਇਸ ਦਾ ਨਾਂ ਨਿਪਾਹ ਵਾਇਰਸ ਪਿਆ। ਉੱਥੇ ਸੂਅਰਾਂ ਨੂੰ ਇਸ ਵਾਇਰਸ ਦਾ ਕਾਰਨ ਮੰਨਿਆ ਗਿਆ ਸੀ। 
ਕੇਰਲ 'ਚ ਇੰਝ ਫੈਲਿਆ ਇਹ ਵਾਇਰਸ— 
ਕੇਰਲ 'ਚ ਚਮਗਾਦੜਾਂ ਦੇ ਖਾਧੇ ਹੋਏ ਫਲਾਂ ਨੂੰ ਖਾਣ ਨਾਲ ਲੋਕ ਇਸ ਦੇ ਸੰਪਰਕ ਵਿਚ ਆਏ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ 'ਚ ਨਿਪਾਹ ਵਾਇਰਸ ਫੈਲਿਆ, ਉਨ੍ਹਾਂ ਦੇ ਸੰਪਰਕ ਵਿਚ ਆਉਣ ਨਾਲ ਹੋਰ ਲੋਕ ਲਪੇਟ ਵਿਚ ਆਏ। ਇਸ ਵਾਇਰਸ ਲਈ ਕੋਈ ਸਪੱਸ਼ਟ ਇਲਾਜ ਜਾਂ ਦਵਾਈ ਦੀ ਅਜੇ ਤੱਕ ਕੋਈ ਖੋਜ ਨਹੀਂ ਕੀਤੀ ਜਾ ਸਕੀ। ਇਸ ਲਈ ਇਸ ਦੇ ਬਚਾਅ ਹੀ ਬੀਮਾਰੀ ਤੋਂ ਬਚਣ ਦਾ ਇਕਮਾਤਰ ਇਲਾਜ ਹੈ।