ਸਪੇਨ : ਸਾਲ 2020 'ਚ ਹੁਣ ਤੱਕ 44,000 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ

06/04/2020 12:07:45 AM

ਮੈਡ੍ਰਿਡ - ਸਪੇਨ ਦੀ ਨੈਸ਼ਨਲ ਸਟੈਟਿਸੀਕਲ ਇੰਸਟੀਚਿਊਟ ( ਰਾਸ਼ਟਰੀ ਅੰਕੜਾ ਸੰਸਥਾ) ਨੇ ਕਿਹਾ ਹੈ ਕਿ ਸਾਲ 2020 ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿਚ 44,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਅਤੇ ਅਜਿਹਾ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਹੋਇਆ। ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਇਸ ਮਿਆਦ ਦੌਰਾਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ 24 ਫੀਸਦੀ ਦਾ ਵਾਧਾ ਹੋਇਆ। ਅੰਕੜਿਆਂ ਮੁਤਾਬਕ, 30 ਮਾਰਚ ਤੋਂ 5 ਅਪ੍ਰੈਲ ਵਿਚਾਲੇ ਮੌਤ ਦਰ ਵਿਚ 155 ਫੀਸਦੀ ਦਾ ਵਾਧਾ ਹੋਇਆ। ਰਾਸ਼ਟਰੀ ਅੰਕੜਾ ਸੰਸਥਾ ਨੇ ਕਿਹਾ ਕਿ ਸਪੇਨ ਦੀ ਰਾਜਧਾਨੀ ਦੇ ਨੇੜੇ-ਤੇੜੇ ਅਨੁਮਾਨਿਤ ਮੌਤਾਂ ਵਿਚ ਜ਼ਿਆਦਾ ਵਾਧਾ ਹੋਇਆ ਹੈ।

ਉਥੇ ਹੀ ਸਪੇਨ ਦੀ ਸੰਸਥਾ ਨੇ ਕਿਹਾ ਹੈ ਕਿ ਜੇਕਰ ਮਹਾਮਾਰੀ ਕਾਰਨ ਇੰਨੀਆਂ ਮੌਤਾਂ ਨਾ ਹੁੰਦੀਆਂ ਤਾਂ ਮੌਤਾਂ ਦਾ ਅੰਕੜਾ ਪਿਛਲੇ ਸਾਲ ਵਿਚ ਹੋਈਆਂ ਮੌਤਾਂ ਦੀ ਗਿਣਤੀ ਤੋਂ ਘੱਟ ਦਰਜ ਹੋਣਾ ਸੀ। ਚੀਨ ਤੋਂ ਫੈਲੀ ਇਸ ਮਹਾਮਾਰੀ ਨੇ ਚੀਨ ਤੋਂ ਬਾਅਦ ਯੂਰਪ ਨੂੰ ਕੇਂਦਰ ਬਣਾ ਲਿਆ ਸੀ, ਜਿਸ ਕਾਰਨ ਯੂਰਪ ਵਿਚ ਸਭ ਤੋਂ ਜ਼ਿਆਦਾ ਇਟਲੀ ਅਤੇ ਸਪੇਨ ਪ੍ਰਭਾਵਿਤ ਹੋਏ ਅਤੇ ਇਥੇ ਹੀ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਸਪੇਨ ਵਿਚ ਹੁਣ ਤੱਕ 287,406 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 27,128 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi