ਕੋਰੋਨਾ ਵਾਇਰਸ ਨੂੰ ਲੈ ਕੇ ਸਪੇਨ ਨੇ ਐਲਾਨੀ ਐਮਰਜੈਂਸੀ

03/14/2020 12:36:30 AM

ਮੈਡ੍ਰਿਡ (ਏਜੰਸੀ)- ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਨੇ ਸ਼ੁੱਕਰਵਾਰ ਨੂੰ ਸਪੇਨ ਵਿੱਚ “ਐਮਰਜੈਂਸੀ ਦੀ ਸਥਿਤੀ” ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੇ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਵਧ ਕੇ 4,209 ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 120 ਹੋ ਗਈ। ਇਥੋਂ ਦੇ ਇਕ ਟੀ.ਵੀ. ਚੈਨਲ ਦੀ ਰਿਪੋਰਟ ਮੁਤਾਬਕ ਐਮਰਜੈਂਸੀ ਦੀ ਸਥਿਤੀ ਦੇ ਤਿੰਨ ਪੜਾਵਾਂ ਵਿਚੋਂ ਇਹ ਪਹਿਲਾ ਹੈ। ਇਹ 15 ਦਿਨ ਤੱਕ ਚੱਲਦਾ ਹੈ ਅਤੇ ਇਸ ਦੌਰਾਨ ਸਰਕਾਰ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਤੋਂ ਰੋਕਣ ਅਤੇ ਹੋਰ ਜ਼ਰੂਰੀ ਕਦਮ ਚੁੱਕਣ ਦੇ ਪਾਬੰਦ ਹੋਵੇਗੀ।

ਕੋਵਿਡ -19 ਦਾ ਕਹਿਰ ਪਹਿਲੀ ਵਾਰ ਦਸੰਬਰ 2019 ਵਿਚ ਕੇਂਦਰੀ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ। ਹੁਣ ਤੱਕ ਇਹ ਵਾਇਰਸ 125 ਮੁਲਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ ਅਤੇ ਦੁਨੀਆ ਭਰ ਵਿਚ 125,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਵਾਇਰਸ ਨਾਲ ਹੁਣ ਤੱਕ 5100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੁਨੀਆ ਭਰ ਦੇ ਹੋਰ ਦੇਸ਼ਾਂ ਦੀ ਤਰ੍ਹਾਂ, ਸਪੇਨ ਨੇ ਵੀ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੁਝ ਸਖਤ ਕਦਮ ਚੁੱਕੇ ਹਨ, ਜਿਸ ਵਿੱਚ ਖੇਡ ਸਮਾਗਮਾਂ ਨੂੰ ਮੁਅੱਤਲ ਕਰਨਾ ਵੀ ਸ਼ਾਮਲ ਹੈ।

ਤੁਹਾਨੂੰ  ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਯੂਰਪ ਹੁਣ ਕੋਰੋਨਾ ਵਾਇਰਸ ਮਹਾਮਾਰੀ ਦਾ ਕੇਂਦਰ ਬਣ ਗਿਆ ਹੈ ਅਤੇ ਚੀਨ ਵਿਚ ਇਸ ਦੇ ਇਨਫੈਕਸ਼ਨ ਦੇ ਸਿਖਰ 'ਤੇ ਹੋਣ ਦੋ ਦਿਨਾਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਸੰਗਠਨ ਮੁਖੀ ਟੇਡਰੋਜ਼ ਏ ਗੇਬ੍ਰੇਯੇਸੋਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹੁਣ ਯੂਰਪ ਇਸ ਮਹਾਮਾਰੀ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਪੂਰੀ ਦੁਨੀਆ ਵਿਚ ਇਸ ਵਾਇਰਸ ਨਾਲ ਹੋਈਆਂ 5000 ਮੌਤਾਂ ਨੂੰ ਮੰਦਭਾਗਾ ਦੱਸਿਆ। 


Sunny Mehra

Content Editor

Related News