COVID-19 : ਸਪੇਨ 'ਚ ਮੌਤਾਂ ਦੀ ਸੁਨਾਮੀ ਨਾਲ ਲੋਕ ਸਹਿਮੇ, ਚੀਨ ਨੂੰ ਕੀਤਾ ਓਵਰਟੇਕ

03/25/2020 4:53:42 PM

ਮੈਡਰਿਡ : ਸਪੇਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,434 ਹੋ ਗਈ ਹੈ। ਮੌਤਾਂ ਦੀ ਕੁੱਲ ਗਿਣਤੀ ਵਿਚ ਹੁਣ ਇਸ ਨੇ ਚੀਨ ਨੂੰ ਪਛਾੜ ਦਿੱਤਾ ਹੈ। ਸਪੇਨ ਨੇ ਪਿਛਲੇ 24 ਘੰਟਿਆਂ ਦੌਰਾਨ 738 ਮੌਤਾਂ ਦਰਜ ਕੀਤੀਆਂ ਹਨ ਅਤੇ ਇਟਲੀ ਤੋਂ ਬਾਅਦ ਹੁਣ ਇਹ ਸਭ ਤੋਂ ਵੱਧ ਮੌਤਾਂ ਵਾਲਾ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਚੀਨ ਦਾ ਕਹਿਣਾ ਹੈ ਕਿ ਉਸ ਦੇ ਮੁਲਕ ਵਿਚ 3,287 ਮੌਤਾਂ ਹੋਈਆਂ ਹਨ। ਉੱਥੇ ਹੀ, ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ 6,800 ਤੋਂ ਵੱਧ ਹੋ ਗਈ ਹੈ।

ਸਪੇਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸਪੇਨ ਵਿਚ ਕੁੱਲ ਮਾਮਲਿਆਂ ਦੀ ਗਿਣਤੀ 39,673 ਦੇ ਮੁਕਾਬਲੇ 20 ਫੀਸਦੀ ਵੱਧ ਕੇ 47,610 ਹੋ ਗਈ ਹੈ। ਲਗਾਤਾਰ ਮਾਮਲੇ ਵਧਣ ਨਾਲ ਹਸਪਤਾਲਾਂ ਵਿਚ ਜਗ੍ਹਾ ਦੀ ਕਮੀ ਹੋ ਗਈ ਹੈ, ਖਾਸ ਤੌਰ 'ਤੇ ਮੈਡਰਿਡ ਦੇ ਆਸਪਾਸ ਦੇ ਸਰਕਾਰੀ ਹਸਪਤਾਲਾਂ ਵਿਚ ਜਗ੍ਹਾ ਨਹੀਂ ਮਿਲ ਰਹੀ ਹੈ। ਦਿਨੋਂ-ਦਿਨ ਵੱਧ ਰਹੇ ਮਾਮਲਿਆਂ ਨਾਲ ਲੋਕ ਸਹਿਮ ਗਏ ਹਨ।

 

ਕਿਸੇ ਨੂੰ ਵੀ ਇਹ ਸਮਝ ਨਾ ਆ ਰਹੀ ਕਿ ਕੋਰੋਨਾ ਵਾਇਰਸ ਦੀ ਝੜੀ ਕਿੱਥੇ ਜਾ ਕੇ ਰੁਕੇਗੀ। ਇਸ ਹਫਤੇ ਦੇ ਸ਼ੁਰੂ ਵਿਚ ਫੌਜ ਵੱਲੋਂ ਬਜ਼ੁਰਗ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਇਕੱਲੇ ਤੇ ਮ੍ਰਿਤਕ ਪਾਇਆ ਗਿਆ ਸੀ। ਸਪੇਨ 10 ਦਿਨਾਂ ਤੋਂ ਲਾਕਡਾਊਨ ਹੈ। ਸਪੇਨ ਦੇ ਅਧਿਕਾਰੀਆਂ ਨੇ ਲਾਕਡਾਊਨ ਦੇ ਨਿਯਮਾਂ ਨੂੰ ਤੋੜਨ ਵਾਲੇ 926 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੋਰੋਨਾ ਵਾਇਰਸ ਇਟਲੀ ਨਾਲੋਂ ਸਪੇਨ ਵਿਚ ਤੇਜ਼ੀ ਫੈਲ ਰਿਹਾ ਹੈ।

ਸਪੇਨ ਦੇ ਰੱਖਿਆ ਮੰਤਰੀ, ਮਾਰਜਰੀਟਾ ਰੋਬਲਜ਼ ਨੇ ਕਿਹਾ ਕਿ ਸਰਕਾਰ ਸੰਕਟ ਸਮੇਂ ਰਿਟਾਇਰਮੈਂਟ ਘਰਾਂ ਵਿਚ ਬਜ਼ੁਰਗ ਲੋਕਾਂ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕਰੇਗੀ। ਸਪੇਨ ਸਰਕਾਰ ਨੇ ਕਿਹਾ ਕਿ ਬਜ਼ੁਰਗਾਂ ਦੀਆਂ ਮ੍ਰਿਤਕ ਦੇਹਾਂ ਮਿਲਣ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Sanjeev

This news is Content Editor Sanjeev