ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਉੱਤਰੀ ਕੋਰੀਆ ਨੂੰ ਤਣਾਅ ਨਾ ਵਧਾਉਣ ਦੀ ਕੀਤੀ ਅਪੀਲ

06/15/2020 10:12:53 PM

ਸਿਓਲ : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਉੱਤਰੀ ਕੋਰੀਆ ਨੂੰ ਦੁਸ਼ਮਣੀ ਨਾ ਵਧਾਉਣ ਅਤੇ ਗੱਲਬਾਤ ਦੀ ਮੇਜ਼ ‘ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਮੂਨ ਜੇਈ-ਇਨ ਨੇ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ 2018 ਦੀ ਸਿਖਰ ਵਾਰਤਾ ਦੌਰਾਨ ਹੋਏ ਸ਼ਾਂਤੀ ਸਮਝੌਤੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। 

ਵਧਦੀ ਦੁਸ਼ਮਣੀ ਨੂੰ ਘਟਾਉਣ ਲਈ ਮੂਨ ਜੇਈ-ਇਨ ਦੀ ਟਿੱਪਣੀ ਅਜਿਹੇ ਸਮੇਂ ਆਈ ਜਦੋਂ ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਸੰਪਰਕ ਦਫਤਰ ਨੂੰ ਤੋੜਨ ਅਤੇ ਦੱਖਣੀ ਕੋਰੀਆ ਵਿਰੁੱਧ ਫੌਜੀ ਕਦਮ ਚੁੱਕਣ ਦੀ ਧਮਕੀ ਦਿੱਤੀ। ਜੇ ਸੰਪਰਕ ਦਫਤਰ ਨੂੰ ਤੋੜਿਆ ਜਾਂਦਾ ਹੈ, ਤਾਂ ਇਹ ਸੁਲ੍ਹਾ ਅਤੇ ਉੱਤਰੀ ਕੋਰੀਆ ਦੇ ਪ੍ਰਮਾਣੂ ਮੁੱਦੇ ਦੀ ਗੱਲਬਾਤ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਨੂੰ ਝਟਕਾ ਹੋਵੇਗਾ। ਮੂਨ ਦੇ ਦਫਤਰ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਉੱਚ ਸਲਾਹਕਾਰਾਂ ਦੀ ਇੱਕ ਬੈਠਕ ਦੌਰਾਨ ਕਿਹਾ ਕਿ ਉੱਤਰੀ ਕੋਰੀਆ ਨੂੰ ਸੰਚਾਰ ਦੇ ਮਾਧਿਅਮ ਨੂੰ ਤੋੜਨਾ ਨਹੀਂ ਚਾਹੀਦਾ ਅਤੇ ਤਣਾਅ ਪੈਦਾ ਕਰਕੇ ਟਕਰਾਅ ਦੇ ਪਹਿਲਾਂ ਵਾਲੇ ਦੌਰ ਵੱਲ ਨਹੀਂ ਪਰਤਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਸ਼ਾਂਤੀ ਸੰਕਲਪਾਂ ਤੋਂ ਵਾਪਸ ਨਹੀਂ ਹਟਣਾ ਚਾਹੀਦਾ ਜੋ 2018 ਵਿੱਚ ਦੋ ਸਿਖਰ ਸੰਮੇਲਨਾਂ ਦੌਰਾਨ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਉਨ੍ਹਾਂ ਨੇ ਲਏ ਸਨ । ਮੂਨ ਇਕ ਉਦਾਰਵਾਦੀ ਨੇਤਾ ਹਨ। ਉਹ ਕਿਮ ਜੋਂਗ ਉਨ ਨਾਲ ਦੋ ਵਾਰ 2018 ਵਿਚ ਮਿਲੇ ਸਨ।


Sanjeev

Content Editor

Related News