ਦੱਖਣੀ ਕੋਰੀਆ ਨੇ ਰੂਸ ਦੇ 16 ਨਾਗਰਿਕਾਂ ਨੂੰ ਦੇਸ਼ 'ਚ ਦਾਖਲ ਹੋਣ ਤੋਂ ਰੋਕਿਆ

07/15/2019 3:27:22 PM

ਸਿਓਲ— ਦੱਖਣੀ ਕੋਰੀਆ ਦੇ ਸਿਓਲ ਇੰਚਿਓਨ ਹਵਾਈ ਅੱਡੇ 'ਤੇ ਬਾਰਡਰ ਤੇ ਕਸਟਮ ਅਧਿਕਾਰੀਆਂ ਨੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਸ਼ੱਕ 'ਚ ਰੂਸ ਦੇ 16 ਨਾਗਰਿਕਾਂ ਨੂੰ ਦੇਸ਼ 'ਚ ਦਾਖਲ ਨਹੀਂ ਹੋਣ ਦਿੱਤਾ। ਦੱਖਣੀ ਕੋਰੀਆ 'ਚ ਰੂਸੀ ਅੰਬੈਸੀ ਦੇ ਪ੍ਰਤੀਨਿਧੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਬੈਸੀ ਨੇ ਕਿਹਾ 16 ਰੂਸੀ ਨਾਗਰਿਕਾਂ ਨੂੰ ਦੱਖਣੀ ਕੋਰੀਆ 'ਚ ਇਸ ਲਈ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹ ਰੂਸੀ ਬਾਰਡਰ ਅਧਿਕਾਰੀਆਂ ਦੇ ਸਾਹਮਣੇ ਇਹ ਸਿੱਧ ਕਰਨ 'ਚ ਅਸਫਲ ਰਹੇ ਕਿ ਉਹ ਘੁੰਮਣ ਲਈ ਆਏ ਹਨ।

ਅੰਬੈਸੀ ਨੇ ਕਿਹਾ,'ਹਰ ਰੋਜ਼ 1 ਤੋਂ 2 ਲੋਕ ਰੂਸ ਤੋਂ ਦੱਖਣੀ ਕੋਰੀਆ 'ਚ ਦਾਖਲ ਹੋਣ ਤੋਂ ਰੋਕੇ ਜਾਂਦੇ ਹਨ ਪਰ ਇਕੋ ਸਮੇਂ 16 ਲੋਕਾਂ ਦੇ ਸਮੂਹ ਨੂੰ ਰੋਕਿਆ ਜਾਣਾ ਵੱਖਰਾ ਮਾਮਲਾ ਹੈ।' ਅੰਬੈਸੀ ਦੇ ਪ੍ਰਤੀਨਿਧੀ ਨੇ ਕਿਹਾ,''ਦੱਖਣੀ ਕੋਰੀਆਈ ਸਰਹੱਦ ਕੰਟਰੋਲ ਅਧਿਕਾਰੀਆਂ ਨੂੰ 16 ਰੂਸੀ ਨਾਗਰਿਕਾਂ 'ਤੇ ਗੈਰ-ਕਾਨੂੰਨੀ ਕੰਮ 'ਚ ਸ਼ਾਮਲ ਹੋਣ ਦਾ ਸ਼ੱਕ ਪਿਆ ਕਿਉਂਕਿ ਇਹ ਸੈਲਾਨੀ ਦੱਖਣੀ ਕੋਰੀਆ ਦੇ ਕਿਸੇ ਵੀ ਪ੍ਰਸਿੱਧ ਸਥਾਨ ਦਾ ਨਾਂ ਨਹੀਂ ਦੱਸ ਸਕੇ ਸਨ।'' ਸੈਲਾਨੀਆਂ ਦੇ ਜਹਾਜ਼ ਦੀ ਵਾਪਸੀ ਦੀ ਟਿਕਟ ਦੇ ਪੈਸਿਆਂ ਦਾ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ। ਉਹ ਹੋਟਲ 'ਚ ਨਹੀਂ ਸਗੋਂ ਆਪਣੇ ਦੋਸਤਾਂ ਨਾਲ ਹੋਸਟਲ 'ਚ ਰੁਕੇ। ਫਿਲਹਾਲ ਅੰਬੈਸੀ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। 16 ਰੂਸੀ ਸੈਲਾਨੀਆਂ ਦੇ ਮੰਗਲਵਾਰ ਤਕ ਆਪਣੇ ਦੇਸ਼ ਵਾਪਸ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸਾਲ 2013 'ਚ ਰੂਸ ਅਤੇ ਦੱਖਣੀ ਕੋਰੀਆ ਨੇ 60 ਦਿਨਾਂ ਦੇ ਵੱਧ ਤੋਂ ਵੱਧ ਪ੍ਰਵਾਸ ਦੇ ਨਾਲ ਛੋਟੀਆਂ ਯਾਤਰਾਵਾਂ ਲਈ ਵੀਜ਼ਾ ਮੁਕਤ ਵਿਵਸਥਾ ਸਥਾਪਤ ਕੀਤੀ ਹੈ।