ਕੋਰੋਨਾਵਾਇਰਸ: ਦੱਖਣੀ ਕੋਰੀਆ 'ਚ 64 ਦੇਸ਼ਾਂ ਦੇ 6 ਹਜ਼ਾਰ ਜੋੜਿਆਂ ਨੇ ਰਚਾਇਆ ਵਿਆਹ

02/07/2020 4:13:40 PM

ਸਿਓਲ (ਭਾਸ਼ਾ): ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਦੇ ਫੈਲਣ ਦੀਆਂ ਚਿੰਤਾਵਾਂ ਦੇ ਬਾਵਜੂਦ ਸ਼ੁੱਕਰਵਾਰ ਨੂੰ ਯੂਨੀਫਿਕੇਸ਼ਨ ਚਰਚ ਵਿਚ ਇਕ ਸਮੂਹਿਕ ਸਮਾਹੋਰ ਵਿਚ 64 ਦੇਸ਼ਾਂ ਦੇ ਕਰੀਬ 6,000 ਜੋੜਿਆਂ ਨੇ ਵਿਆਹ ਰਚਾਇਆ। ਇਹਨਾਂ ਵਿਚੋਂ ਕੁਝ ਨੇ ਚਿਹਰੇ 'ਤੇ ਮਾਸਕ ਲਗਾ ਕੇ ਵਿਆਹ ਕੀਤਾ। ਚਰਚ ਨੇ 30,000 ਲੋਕਾਂ ਨੂੰ ਮਾਸਕ ਵੰਡੇ ਪਰ ਉਹਨਾਂ ਵਿਚੋਂ ਕੁਝ ਨੇ ਹੀ ਇਹਨਾਂ ਨੂੰ ਪਹਿਨਿਆ।

ਚੋਈ ਜੀ-ਯੰਗ ਨੇ ਕਿਹਾ,''ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਵਿਆਹ ਕਰ ਰਹੀ ਹਾਂ। ਇਹ ਝੂਠ ਹੋਵੇਗਾ ਜੇਕਰ ਮੈਂ ਕਹਾਂ ਕਿ ਇਨਫੈਕਸ਼ਨ ਨੂੰ ਲੈ ਕੇ ਮੈਂ ਚਿੰਤਤ ਨਹੀਂ ਹਾਂ ਪਰ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਵਾਇਰਸ ਤੋਂ ਸੁਰੱਖਿਅਤ ਰਹਾਂਗੀ।''

ਗੁਆਂਢੀ ਦੇਸ਼ ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਦੇ ਦੱਖਣੀ ਕੋਰੀਆ ਵਿਚ 24 ਮਾਮਲੇ ਸਾਹਮਣੇ ਆਏ ਹਨ। ਸਿਓਲ ਨੇ ਫਿਲਹਾਲ ਵੁਹਾਨ ਵਿਚ ਰਹੇ ਵਿਦੇਸ਼ੀਆਂ ਨੂੰ ਦੇਸ਼ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।

ਉਤਸਵਾਂ, ਦੀਕਸ਼ਾਂਤ ਸਮਾਰੋਹਾਂ ਅਤੇ ਕੋਰੀਆਈ-ਪੌਪ ਆਯੋਜਨਾਂ ਨੂੰ ਇਨਫੈਕਸ਼ਨ ਫੈਲਣ ਦੇ ਖਤਰੇ ਦੇ ਮੱਦੇਨਜ਼ਰ ਰੱਦ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੇ ਧਾਰਮਿਕ ਸਮੂਹਾਂ ਨੂੰ ਇਸ ਨੂੰ ਫੈਲਣ ਤੋਂ ਰੋਕਣ ਵਿਚ ਸਹਿਯੋਗ ਕਰਨ ਲਈ ਕਿਹਾ ਹੈ। 

ਚਰਚ ਨੇ ਇਹ ਸਮਾਰੋਹ ਇਸ ਲਈ ਆਯੋਜਿਤ ਕੀਤਾ ਕਿਉਂਕਿ ਉਹ ਸੁਨ ਮਯੋਂਗ ਮੂਨ ਦੀ 100ਵੀਂ ਜਨਮ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ।ਦੱਖਣੀ ਕੋਰੀਆ ਵਿਚ ਸੁਨ ਮਯੋਂਗ ਮੂਨ ਦੇ ਚੇਲੇ ਉਹਨਾਂ ਨੂੰ ਮਸੀਹਾ ਬੁਲਾਉਂਦੇ ਹਨ। ਅਧਿਕਾਰੀ ਜੰਗ ਯੰਗ-ਚੁਲ ਨੇ ਕਿਹਾ ਕਿ ਚੀਨ ਦੇ ਚੇਲਿਆਂ ਨੂੰ ਸਮਾਰੋਹ ਵਿਚ ਨਾ ਆਉਣ ਲਈ ਕਿਹਾ ਗਿਆ ਹੈ।
 

Vandana

This news is Content Editor Vandana