ਕਦੇ ਦੇਖਿਆ ਹੈ ਅਜਿਹਾ ਉਲਟਾ-ਪੁਲਟਾ ਘਰ, ਤਸਵੀਰਾਂ ਵਾਇਰਲ

03/11/2020 4:36:12 PM

ਜੋਹਾਨਸਬਰਗ (ਬਿਊਰੋ): ਦੁਨੀਆ ਭਰ ਵਿਚ ਸ਼ਾਨਦਾਰ ਢੰਗ ਨਾਲ ਬਣਾਏ ਘਰਾਂ ਅਤੇ ਇਮਾਰਤਾਂ ਬਾਰੇ ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਘਰ ਬਾਰੇ ਦੱਸ ਰਹੇ ਹਾਂ ਜੋ ਆਰਕੀਟੈਕਟ ਦੀ ਸ਼ਾਨਦਾਰ ਉਦਾਹਰਨ ਬਣ ਚੁੱਕਾ ਹੈ। ਕਈ ਵਾਰ ਘਰ ਵਿਚ ਬਹੁਤ ਸਾਰੀਆਂ ਚੀਜ਼ਾਂ ਪੁੱਠੀਆਂ-ਸਿੱਧੀਆਂ ਹੋ ਜਾਂਦੀਆਂ ਹਨ ਪਰ ਕੀ ਤੁਸੀਂ ਕਦੇ ਪੂਰੇ ਦਾ ਪੂਰਾ ਘਰ ਸਿੱਧਾ-ਪੁੱਠਾ ਦੇਖਿਆ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਘਰ ਬਾਰੇ ਦੱਸ ਰਹੇ ਹਾਂ। 

ਇਸ ਘਰ ਦੀ ਛੱਤ ਹੇਠਾਂ ਬਣੀ ਹੈ ਅਤੇ ਘਰ ਦਾ ਆਧਾਰ ਉੱਪਰ ਹਵਾ ਵਿਚ ਬਣਿਆ ਹੈ। ਆਪਣੇ ਅਨੋਖੇ ਆਰਕੀਟੈਕਟ ਕਾਰਨ ਇਹ ਦੁਨੀਆ ਭਰ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਕੁਝ ਸੈਲਾਨੀ ਇਸ ਦੀ ਖੂਬਸੂਰਤੀ ਦੇ ਦੀਵਾਨੇ ਹਨ ਤਾਂ ਕੁਝ ਇਸ ਦੇ ਆਰਕੀਟੈਕਟ ਨੂੰ ਲੈ ਕੇ ਹੈਰਾਨ ਹੁੰਦੇ ਹਨ। ਇਹ ਖੂਬਸੂਰਤ ਘਰ ਦੱਖਣੀ ਅਫਰੀਕਾ ਵਿਚ ਬਣਿਆ ਹੈ।

ਜੋਹਾਨਸਬਰਗ ਦੇ ਉੱਤਰ ਵਿਚ ਲੱਗਭਗ 75 ਕਿਲੋਮੀਟਰ ਦੀ ਦੂਰੀ 'ਤੇ ਹਰਟਬੀਸਟਪੋਰਟ ਨੇੜੇ ਸਥਿਤ ਇਹ ਘਰ ਬਾਹਰੋਂ ਅਤੇ ਅੰਦਰੋਂ ਉਲਟਾ ਹੈ। ਮਹਿਮਾਨ ਕਮਰੇ ਵਿਚ ਆਪਣੀਆਂ ਤਸਵੀਰਾਂ ਲੈਂਦੇ ਹਨ, ਜਿਹਨਾਂ ਵਿਚ ਛੱਤ ਤੋਂ ਲਟਕਦੇ ਸੋਫੇ ਅਤੇ ਕੁਰਸੀਆਂ ਲੱਗੀਆਂ ਹੋਈਆਂ ਹਨ। ਗੁਰਤਾ ਬਲ ਦੇ ਨਿਯਮਾਂ ਦੇ ਉਲਟ ਉਪਕਰਨਾਂ ਦੇ ਨਾਲ ਰਸੋਈ ਘਰ ਨੂੰ ਵੀ ਉਲਟਾ ਬਣਾਇਆ ਗਿਆ ਹੈ। 

ਸੈਲਾਨੀਆਂ ਦੇ ਦੇਖਣ ਲਈ ਘਰ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਾ ਰਹਿੰਦਾ ਹੈ। ਇਸ ਬੇਮਿਸਾਲ ਵਾਸਤੂਕਲਾ ਦਾ ਅਨੁਭਵ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਸੋਮਵਾਰ ਤੋਂ ਵੀਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਇੱਥੇ ਆ ਸਕਦੇ ਹਨ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਇਹ ਸਵੇਰੇ 9 ਵਜੇਂ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਬਾਲਗਾਂ ਲਈ ਟਿਕਟ ਦੀ ਕੀਮਤ 90 ਦੱਖਣੀ ਅਫਰੀਕੀ ਰੈਂਡ ਹੈ ਜੋ ਕਰੀਬ 415 ਰੁਪਏ ਅਤੇ ਬੱਚਿਆਂ ਲਈ 60 ਦੱਖਣੀ ਅਫਰੀਕੀ ਰੈਂਡ ਕਰੀਬ 277 ਭਾਰਤੀ ਰੁਪਏ ਰੱਖੀ ਗਈ ਹੈ।ਇਸ ਦੇ ਇਲਾਵਾ ਛੋਟੇ ਬੱਚਿਅਂ ਲਈ ਇੱਥੇ ਮੁਫਤ ਵਿਚ ਦਾਖਲ ਹੋਣ ਦੀ ਇਜਾਜ਼ਤ ਹੈ। 

ਪੜ੍ਹੋ ਇਹ ਅਹਿਮ ਖਬਰ - HIV ਪੀੜਤ ਸ਼ਖਸ ਹੋਇਆ ਠੀਕ, ਇੰਝ ਹੋਇਆ ਇਲਾਜ

ਇਸ ਘਰ ਲਈ ਬਣਾਏ ਗਏ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ 3,000 ਤੋਂ ਵੱਧ ਫਾਲੋਅਰਜ਼ ਹਨ ਅਤੇ ਘਰ ਨੂੰ ਦੇਖ ਕੇ ਆਉਣ ਵਾਲੇ ਸੰਤੁਸ਼ਟ ਮਹਿਮਾਨਾਂ ਨੇ ਕਈ ਕੁਮੈਂਟਸ ਕੀਤੇ ਹਨ। ਪੋਸਟ ਵਿਚੋਂ ਇਕ 'ਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ,''ਇੰਨੀ ਭਿਆਨਕ ਜਗ੍ਹਾ।'' ਜਦਕਿ ਦੂਜੇ ਯੂਜ਼ਰ ਨੇ ਲਿਖਿਆ,''ਭਵਿੱਖ ਵਿਚ ਜਲਦੀ ਉੱਥੇ ਜਾਣ ਦੀ ਯੋਜਨਾ ਹੈ।''

ਪੜ੍ਹੋ ਇਹ ਅਹਿਮ ਖਬਰ - ਆਪਣੇ 'ਤੇ ਕਰਵਾਓ ਕੋਰੋਨਾ ਦਵਾਈ ਦਾ ਟੈਸਟ, ਮਿਲਣਗੇ ਲੱਖਾਂ ਰੁਪਏ

Vandana

This news is Content Editor Vandana